ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਮਈ
ਨੇੜਲੇ ਪਿੰਡ ਬਾਲਦ ਕਲਾਂ ਦੇ ਲੋਕਾਂ ਨੇ ਪਿੰਡ ਦੇ ਸਾਂਝੇ ਪਹੇ ਦੀ ਥਾਂ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਨੂੰ ਲੈ ਕੇ ਅੱਜ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਦਾ ਘਿਰਾਓ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਜਸਵੀਰ ਸਿੰਘ ਇਕਾਈ ਪ੍ਰਧਾਨ ਡਕੌਂਦਾ ਗਰੁੱਪ, ਰਣਜੀਤ ਸਿੰਘ ਇਕਾਈ ਪ੍ਰਧਾਨ ਉਗਰਾਹਾਂ ਗਰੁੱਪ, ਰਾਜ ਸਿੰਘ ਪੰਚ, ਪ੍ਰਿਤਪਾਲ ਸਿੰਘ ਸਾਬਕਾ ਪੰਚ, ਮੇਜਰ ਸਿੰਘ ਬਾਲਦ ਕਲਾਂ, ਵੀਰ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਇੱਕ ਕਾਂਗਰਸੀ ਆਗੂ ਨੇ ਪ੍ਰਸ਼ਾਸਨ ਦੀ ਸਹਿ ਨਾਲ ਪਿੰਡ ਦੇ ਸਾਂਝੇ ਪਹੇ ਦੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ। ਪੰਚਾਇਤ ਨੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਸ ਥਾਂ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਪ੍ਰਸ਼ਾਸਨ ਨੇ ਇਹ ਕਬਜ਼ਾ ਹਟਾਉਣ ਲਈ ਵਿਵਾਦਤ ਥਾਂ ’ਤੇ ਪਹੁੰਚਣਾ ਸੀ, ਪਰ ਅਧਿਕਾਰੀ ਟਾਲਮਟੋਲ ਕਰ ਰਹੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਨਸਾਫ਼ ਲੈਣ ਲਈ ਮਜਬੂਰ ਹੋ ਕੇ ਬੀਡੀਪੀਓ ਦਫਤਰ ਦਾ ਘਿਰਾਓ ਕਰਨਾ ਪਿਆ ਹੈ।
ਇਸੇ ਦੌਰਾਨ ਬੀਡੀਪੀਓ ਬਲਜੀਤ ਸਿੰਘ ਸੋਹੀ ਨੇ ਪਿੰਡ ਵਾਸੀਆਂ ਨੂੰ 10 ਦਿਨਾਂ ਵਿੱਚ ਪਹੇ ਦੀ ਥਾਂ ਦਾ ਕਬਜ਼ਾ ਦਿਵਾਉਣ ਦਾ ਲਿਖਤੀ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਸਰਪੰਚ ਗੁਰਦੇਵ ਸਿੰਘ ਨੇ ਸਮਝੌਤੇ ਦੀ ਪੁਸ਼ਟੀ ਕੀਤੀ।