ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਸਤੰਬਰ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਮੁਲਤਵੀ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਵੱਲੋਂ ਅੱਜ ਇਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕੀਤਾ ਗਿਆ। ਇਸ ਮੌਕੇ ਜਸਕਰਨ ਸਿੰਘ ਲੈਂਪੀ ਸਰਪੰਚ, ਗੁਰਮੀਤ ਸਿੰਘ ਰਟੋਲ, ਦਰਸ਼ਨ ਸਿੰਘ, ਬਲਵੀਰ ਸਿੰਘ, ਛੱਜੂ ਸਿੰਘ ਸਾਬਕਾ ਪੰਚ, ਸ਼ਿੰਦਰਪਾਲ, ਅਮਰਜੀਤ ਸਿੰਘ ਬੱਬੀ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ, ਗੁਰਜੀਵਨ ਸਿੰਘ, ਲਖਵੀਰ ਸਿੰਘ ਲੱਕੀ ਅਤੇ ਗੁਰਤੇਜ ਸਿੰਘ ਨੇ ਦੋਸ਼ ਲਗਾਇਆ ਕਿ ਅੱਜ ਸਹਿਕਾਰੀ ਸਭਾ ਭੱਟੀਵਾਲ ਕਲਾਂ ਦੇ ਡਾਇਰੈਕਟਰਾਂ ਦੀ ਚੋਣ ਰੱਖੀ ਗਈ ਸੀ। ਪ੍ਰੰਤੂ ਅੱਜ ਸਵੇਰੇ ਪ੍ਰੀਜ਼ਾਈਡਿੰਗ ਅਫਸਰ ਇੰਸਪੈਕਟਰ ਪਰਮਿੰਦਰ ਸਿੰਘ ਨੇ ਪੁਲੀਸ ਸੁਰੱਖਿਆ ਨਾ ਮਿਲਣ ਕਾਰਨ ਚੋਣ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਸਹਿਕਾਰੀ ਸਭਾ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਇਹ ਚੋਣ ਸੱਤਾਧਾਰੀ ਧਿਰ ਵੱਲੋਂ ਆਪਣੀ ਹਾਰ ਤੋਂ ਘਬਰਾ ਕੇ ਮੁਲਤਵੀ ਕਰਵਾਈ ਗਈ ਹੈ। ਬਾਅਦ ਵਿਚ ਪ੍ਰਸ਼ਾਸਨ ਵੱਲੋਂ ਅੱਜ ਹੀ ਚੋਣ ਕਰਵਾਉਣ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।