ਮੇਜਰ ਸਿੰੰਘ ਮੱਟਰਾਂ
ਭਵਾਨੀਗੜ੍ਹ, 11 ਫਰਵਰੀ
ਇੱਥੇ ਅੱਜ ਅਨਾਜ ਮੰਡੀ ਵਿੱਚ ਗੁਰੂ ਰਵਿਦਾਸ ਦੇ ਆਗਮਨ ਪੁਰਬ ਨੂੰ ਸਮਰਪਿਤ ਬੇਗਮਪੁਰਾ ਸੰਮੇਲਨ ਵਿੱਚ ਪਹੁੰਚੇ ਲੋਕਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਅਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ ਦਾ ਪ੍ਰਣ ਕੀਤਾ। ਬੇਗਮਪੁਰਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਦੇਸ਼ ਅੰਦਰ ਦੋ ਵਾਰ ਭੂਮੀ ਸੁਧਾਰ ਕਾਨੂੰਨ ਲਿਆਂਦੇ ਗਏ, ਪ੍ਰੰਤੂ ਭੂਮੀ ਸੁਧਾਰ ਕਾਨੂੰਨਾਂ ਵਿੱਚ ਕਈ ਖਾਮੀਆਂ ਹੋਣ ਕਾਰਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਜ਼ਮੀਨ ਵਿਚ ਹਿੱਸੇਦਾਰੀ ਨਾ ਮਿਲ ਸਕੀ। ਇਸ ਮੌਕੇ ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਬਿੱਕਰ ਸਿੰਘ ਹਥੋਆ ਨੇ ਵੀ ਸੰਬੋਧਨ ਕੀਤਾ। ਧਰਮਵੀਰ ਹਰੀਗੜ੍ਹ ਅਤੇ ਧਰਮਪਾਲ ਨੂਰਖੇੜੀਆਂ ਨੇ ਕਿਹਾ ਕਿ ਗੁਰੂ ਰਵਿਦਾਸ ਦਾ ਬੇਗਮਪੁਰਾ ਵਸਾਉਣ ਲਈ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਅਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ ਲਈ ਪੂਰਾ ਇਕ ਸਾਲ ਸੰਘਰਸ਼ ਨੂੰ ਭਖਾ ਕੇ ਲੋਕਾਂ ਦੇ ਇਕੱਠ ਨਾਲ ਵੱਡੇ ਭੂਮੀਪਤੀਆਂ ਦੀਆਂ ਜ਼ਮੀਨਾਂ ਦੀ ਵੰਡ ਦਾ ਘੋਲ ਅਰੰਭਿਆ ਜਾਵੇਗਾ।