ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 3 ਨਵੰਬਰ
ਸਥਾਨਕ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ 42ਵੀਆਂ ਤਿੰਨ ਰੋਜ਼ਾ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਬੜੀ ਸ਼ਾਨੋ ਸ਼ੌਕਤ ਅਤੇ ਉਤਸ਼ਾਹ ਨਾਲ ਹੋਇਆ। ਇਸ ਮੌਕੇ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਮਾਰਚ ਪਾਸਟ ਦੌਰਾਨ ਖਿਡਾਰੀਆਂ ਤੋਂ ਸਲਾਮੀ ਲੈਣ ਉਪਰੰਤ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਪ੍ਰਾਇਮਰੀ ਡਾ. ਕੁਲਤਰਨਜੀਤ ਸਿੰਘ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਵਿਨੋਦ ਹਾਂਡਾ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸੰਗਰੂਰ ਦੇ ਸਾਰੇ ਸਿੱਖਿਆ ਬਲਾਕਾਂ ਵਿੱਚੋਂ ਵੱਡੀ ਗਿਣਤੀ ਬੱਚੇ ਭਾਗ ਲੈਣ ਲਈ ਪਹੁੰਚ ਰਹੇ ਹਨ। ਇਸ ਮੌਕੇ ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਜ਼ਿਲ੍ਹਾ ਸੰਗਰੂਰ ਦੇ ਨੌਂ ਬਲਾਕਾਂ ਦੇ ਬੀਪੀਈਓ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਤੇ ਬੱਚੇ ਹਾਜ਼ਰ ਸਨ।
ਅਥਲੈਟਿਕਸ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ (ਪੱਤਰ ਪ੍ਰੇਰਕ): ਜ਼ੋਨ ਪਟਿਆਲਾ-2 ਦਾ ਅਥਲੈਟਿਕਸ ਟੂਰਨਾਮੈਂਟ ਜ਼ੋਨ ਪ੍ਰਧਾਨ ਡਾ. ਰਜਨੀਸ਼ ਗੁਪਤਾ ਅਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਦੀ ਅਗਵਾਈ ਵਿੱਚ ਬੁੱਢਾ ਦਲ ਪਬਲਿਕ ਸਕੂਲ ਸਪੋਰਟਸ ਕੰਪਲੈਕਸ (ਪਟਿਆਲਾ) ਵਿੱਚ ਚੱਲ ਰਿਹਾ ਹੈ। ਟੂਰਨਾਮੈਂਟ ਦੇ ਤੀਜੇ ਦਿਨ ਅੰਡਰ-19 (ਲੜਕੀਆਂ) ਡਿਸਕਸ ਥਰੋਅ ਵਿੱਚ ਜਸਕੰਵਲ ਕੌਰ ਨੇ ਗੋਲਡ, ਅਕਾਸ਼ਪ੍ਰੀਤ ਕੌਰ ਨੇ ਚਾਂਦੀ ਅਤੇ ਖ਼ੁਸ਼ੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅੰਡਰ-14 (ਲੜਕੀਆਂ) ਸ਼ਾਟ ਪੁੱਟ ਵਿੱਚ ਆਸ਼ਾ ਨੇ ਸੋਨਾ, ਅਮਨਿੰਦਰ ਕੌਰ ਨੇ ਚਾਂਦੀ ਅਤੇ ਪ੍ਰਿੰਸ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅੰਡਰ-17 (ਕੁੜੀਆਂ) ਜੈਵਲਿਨ ਥਰੋਅ ਵਿੱਚ ਜਯੋਤੀ ਨੇ ਸੋਨਾ, ਤਾਨੀਆ ਨੇ ਚਾਂਦੀ ਅਤੇ ਸ਼ਾਲੂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅੰਡਰ-14 (ਲੜਕੇ) ਸ਼ਾਟ ਪੁੱਟ ਵਿੱਚ ਕਰਨਵੀਰ ਸਿੰਘ ਨੇ ਸੋਨਾ, ਮਨਜੋਤ ਸਿੰਘ ਨੇ ਚਾਂਦੀ ਅਤੇ ਨਮਨਵੀਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅੰਡਰ-14 (ਲੜਕੇ) 400 ਮੀਟਰ ਦੌੜ ’ਚ ਪ੍ਰੀਤਮ ਕੁਮਾਰ ਨੇ ਸੋਨਾ, ਵੰਸ਼ਪ੍ਰੀਤ ਨੇ ਚਾਂਦੀ ਅਤੇ ਪਵਿੱਤਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।