ਖੇਤਰੀ ਪ੍ਰਤੀਨਿਧ
ਧੂਰੀ, 10 ਅਪਰੈਲ
ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਾਂਝਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਵਿਧਾਇਕਾਂ ਅਤੇ ਵਰਕਰਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ‘ਆਪ’ ਦੀ ਇੱਕ ਮਹਿਲਾ ਵਿਧਾਇਕਾ ਵੱਲੋਂ ਜਿੱਥੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਗੈਰ ਤੱਥ ਤਸਦੀਕ ਕੀਤੇ ਡਿੱਪੂ ਹੋਲਡਰ ਨੂੰ ਜ਼ਲੀਲ ਕੀਤਾ ਗਿਆ, ਉਥੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਆਪ ਦੇ ਵਰਕਰਾਂ ਵੱਲੋਂ ਡਿੱਪੂ ਹੋਲਡਰਾਂ ਨਾਲ ਬਦਕਲਾਮੀ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ‘ਹਰੇ ਪੈੱਨ’ ਦੀ ਪਲੇਠੀ ਵਰਤੋਂ ਲੋਕ ਭਲਾਈ ਕੰਮਾਂ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਸਤੇ ਕਰਨ ਦੀ ਗੱਲ ਆਖੀ ਸੀ, ਪਰ ਸਭ ਤੋਂ ਪਹਿਲਾਂ ਡਿੱਪੂ ਹੋਲਡਰਾਂ ਦਾ ਰੁਜ਼ਗਾਰ ਖੋਹਣ ਲਈ ਇਸ ਪੈਨ ਦੀ ਵਰਤੋਂ ਕੀਤੀ ਗਈ ਹੈ, ਜਿਸ ਤਹਿਤ ਘਰ-ਘਰ ਰਾਸ਼ਨ ਪਹੁੰਚਾਉਣ, ਕਣਕ ਦੀ ਥਾਂ ਆਟਾ ਦੇਣ ਦੀ ਵਿਉਂਤਬੰਦੀ ਕਰਕੇ ਡਿੱਪੂ ਹੋਲਡਰਾਂ ਦੇ ਢਿੱਡ ’ਤੇ ਲੱਤ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੰਮੇ ਸਮੇਂ ਤੋਂ ਡਿੱਪੂ ਹੋਲਡਰਾਂ ਦੀਆਂ ਜਾਇਜ਼ ਮੰਗਾਂ ਵੱਲ ਸਰਕਾਰ ਵੱਲੋਂ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ, ਉਥੇ ਤੁਛ ਕਮਿਸ਼ਨ ’ਤੇ ਕੰਮ ਕਰਦੇ ਆ ਰਹੇ ਡਿੱਪੂ ਹੋਲਡਰ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਨੂੰ ਕਿਵੇਂ ਨੇਪਰੇ ਚਾੜ੍ਹਣਗੇ ਅਤੇ ਜੇਕਰ ਕਣਕ ਦੀ ਬਜਾਏ ਡਿੱਪੂ ਹੋਲਡਰਾਂ ਨੂੰ ਆਟਾ ਦਿੱਤਾ ਜਾਂਦਾ ਹੈ ਤਾਂ ਆਟਾ ਖਰਾਬ ਹੋਣ ਦੀ ਸੂਰਤ ਵਿੱਚ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਕੀਤੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੇ ਫ਼ੈਸਲੇ ਲੈਣ ਤੋਂ ਪਹਿਲਾਂ ਡਿੱਪੂ ਹੋਲਡਰ ਫੈਡਰੇਸ਼ਨ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਨ। ਇਸ ਮੌਕੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਕੱਕੜਵਾਲ,ਸੁਰਿੰਦਰ ਕੌਰ ਧਾਂਦਰਾ, ਬਲਵੰਤ ਸਿੰਘ ਮੀਮਸਾ, ਰਮਨਦੀਪ ਵਰਮਾ ਰਾਜੋਮਾਜਰਾ, ਭਰਪੂਰ ਸਿੰਘ ਬੇਨੜਾ, ਰਾਜਵਿੰਦਰ ਸਿੰਘ, ਭਗੀਰਥ ਲਾਲ, ਮਨੋਹਰ ਲਾਲ ਆਦਿ ਵੀ ਹਾਜ਼ਰ ਸਨ।