ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਘੀ ਸ਼ਾਮ ਇੱਥੇ ਆਪਣੇ ਮਾਲੇਰਕੋਟਲਾ ਹਲਕੇ ਦੇ ਪਿੰਡਾਂ ਦੇ ਰੋਡ ਸ਼ੋਅ ਦੇ ਆਖ਼ਰੀ ਪੜਾਅ ’ਤੇ ਮਲੇਰਕੋਟਲਾ ਸ਼ਹਿਰ ਅੰਦਰ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਹੋਏ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਭਾਜਪਾ ਨਾਲ ਇਸ ਕਰ ਕੇ ਸਮਝੌਤਾ ਕੀਤਾ ਹੈ ਕਿ ਕਿਉਂਕਿ ਉਸ ਨੇ ਮਹਿਸੂਸ ਕਰ ਲਿਆ ਹੈ ਕਿ ਉਸ ਨੂੰ ਉਸ ਦੇ ਆਕਾ ਅਰਵਿੰਦ ਕੇਜਰੀਵਾਲ ਵਾਂਗ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਦਿੱਲੀ ਦੇ ਸ਼ਰਾਬ ਘੁਟਾਲੇ ਦੀ ਤਰਜ਼ ’ਤੇ ਪੰਜਾਬ ਵਿਚ ਕਥਿਤ ਤੌਰ ’ਤੇ ਸ਼ਰਾਬ ਘੁਟਾਲ਼ਾ ਹੋਇਆ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਿਤ ਕਿਸੇ ਵੀ ਪਾਰਟੀ ’ਤੇ ਵੋਟਾਂ ਲਈ ਇਤਬਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਦੋਵਾਂ ਨਾਲ ਪਿਛਲੇ ਦਰਵਾਜ਼ਿਓਂ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਸੂਰਤ ਵਿੱਚ ਉਸ ਦਾ ਨੁਕਸਾਨ ਨਾ ਹੋਵੇ। ਇਕ ਪਾਸੇ ਤਾਂ ਭਾਜਪਾ ਨਾਲ ਉਸ ਦਾ ਗ਼ੈਰ ਰਸਮੀ ਸਮਝੌਤਾ ਹੈ ਤੇ ਦੂਜੇ ਪਾਸੇ ਪੰਜਾਬ ਵਿਚ ਉਸ ਦਾ ਕਾਂਗਰਸ ਨਾਲ ਸਮਝੌਤਾ ਹੈ ਤੇ ਬਹੁਤੇ ਹਲਕਿਆਂ ਵਿੱਚ ਦੋਸਤਾਨਾ ਮੁਕਾਬਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਵੇਂ ਪੰਜਾਬ ਵਿੱਚ ‘ਆਪ’ ਕਾਂਗਰਸ ਦੇ ਖ਼ਿਲਾਫ਼ ਲੜ ਰਹੀ ਹੈ ਪਰ ਭਗਵੰਤ ਮਾਨ ਚੰਡੀਗੜ੍ਹ ਤੇ ਹਰਿਆਣਾ ਵਿੱਚ ਕਾਂਗਰਸ ਲਈ ਪ੍ਰਚਾਰ ਕਰ ਰਹੇ ਹਨ।ਉ ਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਨੇ ਰਲ ਕੇ ਕਿਸਾਨਾਂ ਨੂੰ ਦਿੱਲੀ ਮਾਰਚ ਕਰਨ ਤੋਂ ਰੋਕਿਆ ਹੈ। ਕਿਸਾਨਾਂ ’ਤੇ ਹੰਝੂ ਗੈਸ ਛੱਡੀ ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਡਟਦਾ ਰਿਹਾ ਹੈ ਤੇ ਹੁਣ ਵੀ ਉਸ ਨੇ ਪਾਰਲੀਮਾਨੀ ਚੋਣਾਂ ਇਕੱਲਿਆਂ ਲੜਨ ਦਾ ਫ਼ੈਸਲਾ ਕੀਤਾ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਭਾਜਪਾ ਕਿਸਾਨਾਂ ਜਾਂ ਸਿੱਖ ਕੌਮ ਨੂੰ ਦਰਪੇਸ਼ ਕੋਈ ਵੀ ਮਸਲਾ ਹੱਲ ਕਰਨ ਵਾਸਤੇ ਤਿਆਰ ਨਹੀਂ ਹੈ। ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅਕਾਲੀ ਦਲ ਪੰਥ , ਪੰਥਕ ਸੰਸਥਾਵਾਂ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਇਕਲੌਤੀ ਪਾਰਟੀ ਹੈ। ਇਸ ਮੌਕੇ ਤਰਲੋਚਨ ਸਿੰਘ ਧਲੇਰ, ਚੌਧਰੀ ਸੁਲੇਮਾਨ ਨੋਨਾ, ਐੱਸ.ਆਜ਼ਾਦ ਸਦੀਕੀ ਤੇ ਡਾ. ਸ਼ਿਰਾਜ਼ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪੰਥਕ ਪਾਰਟੀ: ਬਾਦਲ
ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾ ਦੀ ਚੋਣ ਮੁਹਿੰਮ ਦੌਰਾਨ ਸੁਨਾਮ ਵਿੱਚ ਹਲਕਾ ਸੁਨਾਮ, ਲਹਿਰਾ ਅਤੇ ਦਿੜ੍ਹਬਾ ਦੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਸਿਆਸੀ ਪਾਰਟੀ ਹੀ ਨਹੀਂ, ਬਲਕਿ ਇਹ ਇਕ ਸੋਚ ਹੈ ਅਤੇ ਪੰਥ ਦੀ ਫੌਜ ਹੈ। ਉਨ੍ਹਾਂ ਆਪਣੀਆਂ ਪਿਛਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਾਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਬੰਦੀ ਸਿੰਘਾਂ ਦੀ ਖਾਤਰ ਅਕਾਲੀ ਦਲ ਨੇ ਭਾਜਪਾ ਨੂੰ ਲੱਤ ਮਾਰੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਤਜਰਬੇ ਕਰਨ ਦਾ ਸਮਾਂ ਨਹੀ ਸਗੋਂ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਕਿਸਾਨਾਂ ਦਾ ਰਾਹ ਰੋਕਣ ਵਾਲੀਆਂ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਨੂੰ ਸਬਕ ਸਿਖਾਇਆ ਜਾਵੇ। ਇਸ ਰੈਲੀ ਨੂੰ ਐਡਵੋਕੇਟ ਇਕਬਾਲ ਸਿੰਘ ਝੂੰਦਾ, ਰਜਿੰਦਰ ਦੀਪਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਗੁਲਜਾਰ ਸਿੰਘ ਮੂਨਕ, ਬਲਦੇਵ ਸਿੰਘ ਮਾਨ, ਰਵਿੰਦਰ ਸਿੰਘ ਚੀਮਾ ਆਦਿ ਆਗੂਆਂ ਨੇ ਵੀ ਸੰਬੋਧਿਨ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ, ਇੰਦਰਮੋਹਨ ਸਿੰਘ ਲਖਮੀਰਵਾਲਾ, ਹਰਪਾਲ ਸਿੰਘ ਖਡਿਆਲ, ਨਵਇੰਦਰਪਰੀਤ ਲੋਂਗੋਵਾਲ , ਤੇਜਾ ਸਿੰਘ ਕਮਾਲਪੁਰ, ਖੁਸ਼ਪਾਲ ਸਿੰਘ ਬੀਰ ਕਲਾਂ ਅਤੇ ਹਰਬੰਸ ਸਿੰਘ ਭਰੂਰ ਆਦਿ ਮੌਜੂਦ ਸਨ।