ਨਿੱਜੀ ਪੱਤਰ ਪ੍ਰੇਰਕ
ਧੂਰੀ, 18 ਮਈ
ਧੂਰੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਅੱਜ ਇੱਥੇ ਦਫ਼ਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਕੀਤੇ ਗਏ ਨੁਕਸਾਨ ਨੂੰ ਭਰਨ ਲਈ ਕੁੱਝ ਸਮਾਂ ਲੱਗੇਗਾ ਕਿਉਂਕਿ ਭਗਵੰਤ ਸਿੰਘ ਮਾਨ ਦਿਨ-ਰਾਤ ਮਿਹਨਤ ਕਰ ਰਹੇ ਹਨ। ਧੂਰੀ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡੇ ਹੋਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਇ ਅਤੇ ਸੁਵਿਧਾ ਮੁਤਾਬਕ ਅੰਡਰਬ੍ਰਿਜ ਜਾਂ ਓਵਰਬ੍ਰਿਜ ਦੀ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਜੋ ਵਾਰਦਾਤਾਂ ਹੋ ਰਹੀਆਂ ਹਨ, ਉਸ ਦੀ ਮੁੱਖ ਵਜ੍ਹਾ ਨਸ਼ਾ ਹੈ, ਜਿਸ ਖਿਲਾਫ਼ ਬਹੁਤ ਜ਼ਿਆਦਾ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਗਸ਼ਤ ਵੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਧੂਰੀ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ‘ਆਪ’ ਆਗੂ ਐੱਸਐੱਸ ਚੱਠਾ, ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਅਮਰਦੀਪ ਸਿੰਘ ਧਾਂਦਰਾ, ਗੁਰਤੇਜ ਸਿੰਘ ਤੇਜੀ, ਪਰਮਿੰਦਰ ਸਿੰਘ ਪੰਨੂ, ਬਲਵਿੰਦਰ ਸਿੰਘ ਬਿੱਲੂ, ਰਾਕੇਸ਼ ਕੁਮਾਰ ਰਿੰਕੂ, ਗੁਰੀ ਮਾਨ ਅਤੇ ਹਰਪ੍ਰੀਤ ਸਿੰਘ ਗਿੱਲ ਆਦਿ ਹਾਜ਼ਰ ਸਨ।