ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਵੱਲੋਂ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਦੇ ਰੋਸ ਵਜੋਂ ਅੱਜ ਇੱਥੇ ਥਾਣੇ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਬਲਾਕ ਪ੍ਰਧਾਨ ਚਮਕੌਰ ਸਿੰਘ ਗੋਰਾ ਭੱਟੀਵਾਲ, ਬੁੱਧ ਸਿੰਘ ਬਾਲਦ ਅਤੇ ਜਗਤਾਰ ਸਿੰਘ ਤੂਰ ਨੇ ਕਿਹਾ ਕਿ ਇਲਾਕੇ ਵਿੱਚ ਚੋਰੀਆਂ ਨੂੰ ਰੋਕਣ ਵਿੱਚ ਪੁਲੀਸ ਫੇਲ੍ਹ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਮਾਝੀ ਦੇ ਕਿਸਾਨ ਦਰਬਾਰਾ ਸਿੰਘ ਦੀ ਮੱਝ ਚੋਰੀ ਹੋ ਗਈ ਸੀ ਪਰ ਪੁਲੀਸ ਵੱਲੋਂ ਚੋਰ ਫੜਨ ਦੇ ਬਾਵਜੂਦ ਮੱਝ ਦੀ ਬਰਾਮਦਗੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੂੰ ਝੋਨੇ ਦੀ ਕਟਾਈ ਅਤੇ ਕਣਕ ਦੀ ਬਜਿਾਈ ਦੇ ਸੀਜ਼ਨ ਦੌਰਾਨ ਵੀ ਇੱਥੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਕੁਲਵਿੰਦਰ ਸਿੰਘ ਮਿੱਠੂ ਚਹਿਲ, ਨਛੱਤਰ ਸਿੰਘ ਝਨੇੜੀ, ਗੁਰਧਿਆਨ ਸਿੰਘ, ਸੁਖਵੀਰ ਸਿੰਘ ਰਾਜੂ ਤੇ ਗੁਰਜੰਟ ਸਿੰਘ ਹਾਜ਼ਰ ਸਨ। ਥਾਣਾ ਮੁਖੀ ਇੰਸਪੈਕਟਰ ਅਜੈ ਕੁਮਾਰ ਵੱਲੋਂ ਚੋਰੀ ਸਬੰਧੀ ਠੋਸ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।