ਪੱਤਰ ਪ੍ਰੇਰਕ
ਭਵਾਨੀਗੜ੍ਹ, 17 ਅਗਸਤ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੇਂਦਰ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ ਇੱਥੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਨ ਉਪਰੰਤ ਐੱਸਡੀਐੱਮ ਦਫ਼ਤਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਬਲਾਕ ਪ੍ਰਧਾਨ ਕਰਨੈਲ ਸਿੰਘ ਕਾਕੜਾ, ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ, ਬਲਜੀਤ ਸਿੰਘ ਜੌਲੀਆਂ, ਕਸ਼ਮੀਰ ਸਿੰਘ ਕਾਕੜਾ, ਕਰਮਜੀਤ ਸਿੰਘ ਬਾਲਦ, ਸੁਬੇਗ ਸਿੰਘ ਤੁਰੀ ਅਤੇ ਹਰਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਤਿਹਾਸਕ ਦਿੱਲੀ ਕਿਸਾਨ ਮੋਰਚੇ ਸਦਕਾ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਈ ਸੀ, ਪਰ ਹੁਣ ਮੋਦੀ ਸਰਕਾਰ ਵਾਅਦਿਆਂ ਤੋਂ ਮੱੁਕਰ ਰਹੀ ਹੈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ/ਮਾਨਵਜੋਤ ਭਿੰਡਰ): ਕੇਂਦਰ ਸਰਕਾਰ ਵੱਲੋਂ ਬਿਜਲੀ ਬਿੱਲ 2022 ਲਿਆਉਣ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਬਲਬੇੜਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਮੁਜ਼ਾਹਰੇ ਜਾਰੀ ਰਹਿਣਗੇ। ਇਸ ਮੌਕੇ ਗੁਰਮੀਤ ਸਿੰਘ ਮਾਨ, ਨੈਬ ਸਿੰਘ ਬਲਬੇੜਾ, ਬੰਤ ਸਿੰਘ, ਰਣਧੀਰ ਸਿੰਘ ਭੋਲਾ, ਰਾਮਕਰਨ ਸਿੰਘ ਹਾਜ਼ਰ ਸਨ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਭਖਦੀਆਂ ਮੰਗਾਂ ਦੇ ਹੱਕ ’ਚ ਮਾਨ ਸਿੰਘ ਰਾਜਪੁਰਾ, ਭਗਵਾਨ ਸਿੰਘ ਖਾਲਸਾ ਹਰਪਾਲਪੁਰ, ਉਜਾਗਰ ਸਿੰਘ ਧਮੌਲੀ, ਗੁਰਦੇਵ ਸਿੰਘ ਜੰਡੌਲੀ ਅਤੇ ਜਸਮੇਰ ਸਿੰਘ ਕਬੂਲਪੁਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨ ਆਗੂਆਂ ਮਾਨ ਸਿੰਘ ਰਾਜਪੁਰਾ, ਮਨਜੀਤ ਸਿੰਘ ਥੂਹਾ, ਜਵਾਹਰ ਲਾਲ, ਦਲਜੀਤ ਸਿੰਘ ਚਮਾਰੂ, ਦਾਰਾ ਸਿੰਘ ਚੱਕ ਕਲਾਂ ਅਤੇ ਮਨਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਮੰਗਾਂ ਮੰਨੀਆਂ ਜਾਣ।