ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਸਤੰਬਰ
ਇੱਥੋਂ ਨੇੜਲੇ ਪਿੰਡ ਘਰਾਚੋਂ ਵਿੱਚ ਵਿਵਾਦਤ ਜਗ੍ਹਾ ਨੂੰ ਲੈ ਕੇ ਪੰਚਾਇਤ ਅਤੇ ਭਾਕਿਯੂ ਉਗਰਾਹਾਂ ਵਿਚਕਾਰ ਬੀਤੇ ਕੱਲ੍ਹ ਹੋਏ ਟਕਰਾਅ ਤੋਂ ਬਾਅਦ ਅੱਜ ਅਗਲੀ ਰਣਨੀਤੀ ਤਿਆਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਮੀਟਿੰਗ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਹੋਈ। ਮੀਟਿੰਗ ਉਪਰੰਤ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਘਰਾਚੋਂ ਵਿੱਚ ਪੰਚਾਇਤ, ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਇੱਕ ਪਰਿਵਾਰ ਨਾਲ ਕਥਿਤ ਧੱਕੇਸ਼ਾਹੀ ਅਤੇ ਕਿਸਾਨ ਆਗੂਆਂ ਨਾਲ ਦੁਰਵਿਵਹਾਰ ਕਰਨ ਖਿਲਾਫ਼ 8 ਸਤੰਬਰ ਨੂੰ ਡੀਐੱਸਪੀ ਭਵਾਨੀਗੜ੍ਹ ਤੇ ਬੀਡੀਪੀਓ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਤਿੰਨੋਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਪਿੰਡ ਦੇ ਵਿਕਾਸ ਕਾਰਜਾਂ ਖਿਲਾਫ਼ ਨਹੀਂ ਹੈ, ਪਰ ਵਿਕਾਸ ਦੀ ਆੜ ਹੇਠ ਡੰਡੇ ਦੇ ਜ਼ੋਰ ’ਤੇ ਪੰਜਾਹ ਸਾਲ ਪਹਿਲਾਂ ਤਤਕਾਲੀ ਸਰਪੰਚ ਤੋਂ ਤਬਾਦਲੇ ਵਿੱਚ ਲਈ ਥਾਂ ’ਤੇ ਰਹਿ ਰਹੇ ਕਿਸਾਨ ਪਰਿਵਾਰਾਂ ਨੂੰ ਉਜਾੜਨ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪੰਚਾਇਤ ਅਤੇ ਪ੍ਰਸ਼ਾਸਨ ਨਾਲ ਇਸ ਮਸਲੇ ਦੇ ਹੱਲ ਲਈ ਕਈ ਵਾਰ ਗੱਲਬਾਤ ਕੀਤੀ ਗਈ, ਪਰ ਮਸਲੇ ਦਾ ਹੱਲ ਨਹੀਂ ਹੋ ਸਕਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਹੁਣ ਵੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਹੱਕ ਵਿੱਚ ਹਨ, ਪਰ ਜ਼ਬਰਦਸਤੀ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਘਰਾਚੋਂ ਦੇ ਸਰਪੰਚ ਅਤੇ ਬੀਡੀਪੀਓ ਭਵਾਨੀਗੜ੍ਹ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।