ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਮਾਰਚ
ਸੰਗਰੂਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੀ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਮਾਪਿਆਂ ਦੀ ਇਕਲੌਤੀ ਧੀ ਨਰਿੰਦਰ ਕੌਰ ਭਰਾਜ ਨੇ ਪੰਜਾਬ ਵਿਧਾਨ ਸਭਾ ’ਚ ਬਤੌਰ ਵਿਧਾਇਕ ਸਹੁੰ ਚੁੱਕਣ ਲਈ ਆਪਣੇ ਮਾਤਾ-ਪਿਤਾ ਸਮੇਤ ਚੰਡੀਗੜ੍ਹ ਰਵਾਨਾ ਹੋਈ। ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਅੱਜ ਸਵੇਰੇ ਨਰਿੰਦਰ ਕੌਰ ਭਰਾਜ ਨੇ ਸ਼ਹਿਰ ’ਚ ਬਾਬਾ ਸਾਹਿਬ ਦਾਸ ਜੀ ਦੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਿਆ ਅਤੇ ਗੁਰੂ ਤੋਂ ਆਸ਼ੀਰਵਾਦ ਲਿਆ।
ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਅੱਜ ਸਵੇਰੇ ਪੰਜਾਬ ਵਿਧਾਨ ਸਭਾ ਜਾਣ ਤੋਂ ਪਹਿਲਾਂ ਉਸ ਨੇ ਬਾਬਾ ਸਾਹਿਬ ਦਾਸ ਜੀ ਦੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ। ਭਰਾਜ ਨੇ ਦੱਸਿਆ ਕਿ ਉਸਦੀ ਮਾਤਾ ਚਰਨਜੀਤ ਕੌਰ ਅਤੇ ਪਿਤਾ ਗੁਰਨਾਮ ਸਿੰਘ ਵੀ ਨਾਲ ਚੰਡੀਗੜ੍ਹ ਗਏ ਸਨ ਪਰ ਪੰਜਾਬ ਵਿਧਾਨ ਸਭਾ ਅੰਦਰ ਸਿਰਫ਼ ਮਾਤਾ ਚਰਨਜੀਤ ਕੌਰ ਨੂੰ ਹੀ ਨਾਲ ਲਿਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ’ਚ ਵਿਧਾਇਕ ਨਾਲ ਸਿਰਫ਼ ਇੱਕ ਵਿਅਕਤੀ ਹੀ ਅੰਦਰ ਜਾ ਸਕਦਾ ਸੀ ਜਿਸ ਕਰਕੇ ਉਨ੍ਹਾਂ ਦੇ ਮਾਤਾ ਚਰਨਜੀਤ ਕੌਰ ਨਾਲ ਗਏ। ਉਨ੍ਹਾਂ ਦੱਸਿਆ ਕਿ ਉਸਨੇ ਅੱਜ ਵਿਧਾਨ ਸਭਾ ’ਚ ਸਹੁੰ ਚੁੱਕਦਿਆਂ ਪ੍ਰਣ ਕੀਤਾ ਹੈ ਕਿ ਉਹ ਹਮੇਸ਼ਾ ਸੰਵਿਧਾਨ ਪ੍ਰਤੀ ਵਫਾਦਾਰ ਰਹੇਗੀ ਅਤੇ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਏਗੀ। ਸੰਗਰੂਰ ਹਲਕੇ ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।