ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਅਕਤੂਬਰ
ਬਿਜਲੀ ਸਪਲਾਈ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮਾ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਹਿਰਾਗਾਗਾ ਦੇ ਐਕਸੀਅਨ ਦਫ਼ਤਰ ਅੱਗੇ ਦਿਨ ਰਾਤ ਦੇ ਧਰਨੇ ਵਿੱਚ ਪਹੁੰਚੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਬਲਾਕ ਦੇ ਆਗੂ ਹਰਜਿੰਦਰ ਨੰਗਲਾ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੇ ਜਾ ਰਹੇ ਕੋਲਾ ਖ਼ਤਮ ਹੋਣ ਦੇ ਬੇਤੁਕੇ ਬਿਆਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਿਰੇ ਤੋਂ ਖਾਰਜ ਕਰਦੀ ਹੈ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਵਿਖੇ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਸਰਕਾਰਾਂ ਸਾਰੇ ਦੇਸ਼ ਦੀਆਂ ਸਰਕਾਰੀ ਸੰਪਤੀਆਂ ਵੇਚ ਕੇ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿੱਚ ਦੇਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਕੋਲੇ ਦੀਆ ਖਾਣਾਂ ਅਡਾਨੀਆਂ ਨੂੰ ਦੇ ਦਿੱਤੀਆ ਹਨ, ਜਿਸ ਕਾਰਨ ਖੇਤਾਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਦੀ ਵੱਡੀ ਦਿੱਕਤ ਆ ਰਹੀ ਹੈ। ਇਸ ਮੌਕੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਚੌਂਕ, ਗੁਰਚੇਤ ਸਿੰਘ ਭੱਟੀਵਾਲ ਕਲਾਂ, ਹਰਜਿੰਦਰ ਸਿੰਘ ਘਰਾਚੋਂ ਸਮੇਤ ਕਿਸਾਨ, ਮਜਦੂਰ ਅਤੇ ਬੀਬੀਆਂ ਹਾਜਰ ਸਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਪਿੰਡ ਮੱਟਰਾਂ, ਘਰਾਚੋਂ,ਬਲਿਆਲ, ਕਪਿਆਲ ਸਮੇਤ ਇਲਾਕੇ ਦੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਵੀ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।