ਮੁਕੰਦ ਸਿੰਘ ਚੀਮਾ
ਸੰਦੌੜ, 11 ਸਤੰਬਰ
ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫੀ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 15 ਸਤੰਬਰ ਤੋਂ ਪਟਿਆਲਾ ਵਿੱਚ ਲਗਾਏ ਜਾ ਰਹੇ ਪੱਕੇ ਧਰਨੇ ਤੇ ਰੈਲੀ ਦੇ ਸਬੰਧ ਵਿੱਚ ਇਥੇ ਅੱਜ ਬਲਾਕ ਅਹਿਮਦਗੜ੍ਹ ਇਕਾਈ ਵੱਲੋਂ ਰੈਲੀ ਕੀਤੀ ਗਈ। ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਸਣੇ ਸੂਬਾ ਪੱਧਰੀ ਆਗੂਆਂ ਨੇ ਸ਼ਿਰਕਤ ਕੀਤੀ। ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਇਆ। ਬੁਲਾਰਿਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਧਰੋਹ ਕਮਾਇਆ ਹੈ ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਅਤੇ ਲੋਕ ਮਾਰੂ ਨੀਤੀਆਂ ਦਾ ਖਮਿਆਜ਼ਾ ਹਰ ਵਰਗ ਦੇ ਲੋਕ ਭੁਗਤ ਰਹੇ ਹਨ ਜਦੋਂਕਿ ਰਾਜਸੀ ਆਗੂ ਜਨਤਾ ਦਾ ਫਿਕਰ ਕਰਨ ਦੀ ਬਜਾਏ ਐਸ਼ਪ੍ਰਸਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਧੁਰਾ ਮੰਨੀ ਜਾਂਦੀ ਕਿਸਾਨੀ ਅੱਜ ਮੰਦੇਹਾਲ ਹੈ ਅਤੇ ਕਿਸਾਨ ਨੂੰ ਹਰ ਪਾਸਿਓਂ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਨਾ ਬਚਾਇਆ ਗਿਆ ਤਾਂ ਕਿਸਾਨ-ਮਜ਼ਦੂਰ ਖਤਮ ਹੋ ਜਾਣਗੇ। ਕਿਸਾਨਾਂ ਨੇ ਪਰਾਲੀ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਝੋਨੇ ਦੀ ਫਸਲ ਦੀ ਪਰਾਲੀ ਦਾ ਸਰਕਾਰ ਕੋਲ ਹਾਲੇ ਤੱਕ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੋ ਸਕਿਆ ਹੈ। ਕਿਸਾਨ ਆਗੂਆਂ ਨੇ ਹਾਜ਼ਰ ਕਿਸਾਨਾਂ ਨੂੰ ਪਟਿਆਲਾ ਵਿੱਚ ਲਗਾਏ ਜਾ ਰਹੇ ਪੱਕੇ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜਸਵੰਤ ਸਿੰਘ ਤੋਲੇਵਾਲ, ਹਰਬੰਸ ਸਿੰਘ ਮਾਣਕੀ, ਗੁਰਮੇਲ ਸਿੰਘ ਮਹੋਲੀ, ਹੁਸ਼ਿਆਰ ਸਿੰਘ, ਭੁਪਿੰਦਰ ਸਿੰਘ ਫਰਵਾਲੀ, ਚਰਨਜੀਤ ਸਿੰਘ ਧਲੇਰ, ਕੁਲਦੀਪ ਸਿੰਘ ਝਨੇਰ, ਜਰਨੈਲ ਸਿੰਘ ਦੁਲਮਾਂ, ਜਰਨੈਲ ਸਿੰਘ ਬਿਸ਼ਨਗੜ੍ਹ, ਕਿਸ਼ਨ ਸਿੰਘ ਕੁਠਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਭਾਕਿਯੂ ਦੇ ਔਰਤ ਵਿੰਗ ਨੇ ਰਾਸ਼ਨ ਦੀ ਕਮਾਂਡ ਸੰਭਾਲੀ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਭਾਕਿਯੂ ਏਕਤਾ (ਉਗਰਾਹਾਂ) ਵੱਲੋਂ 15 ਤੋਂ 20 ਸਤੰਬਰ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਪੂੱਡਾ ਗਰਾਉਡ ’ਚ ਛੇ ਰੋਜ਼ਾ ਲਗਾਤਾਰ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਭਾਕਿਯੂ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਪਿੰਡ ਭੁਟਾਲ ਖੁਰਦ ਦੇ ਇਕਾਈ ਪ੍ਰਧਾਨ ਹਰਭਗਵਾਨ ਸਿੰਘ ਨੇ ਇਹ ਐਲਾਨ ਅੱਜ ਪਿੰਡ ਭੁਟਾਲ ਖੁਰਦ ਵਿੱਚ ਪਿਛਲੇ ਦਿਨੀ ਬਣਾਈ ਔਰਤਾਂ ਦੀ ਕਮੇਟੀ ਵੱਲੋਂ ਮੋਰਚੇ ਲਈ ਰਾਸ਼ਨ ਇਕੱਠਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਰੋਸ ਵਜੋਂ ਇਹ ਮੋਰਚਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਪਿੰਡ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨ, ਔਰਤਾਂ ਅਤੇ ਨੌਜਵਾਨ ਪਰਿਵਾਰਾਂ ਸਮੇਤ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਹੋਣਗੇ। ਔਰਤ ਵਿੰਗ ਵੱਲੋਂ ਰਾਸ਼ਨ ਇਕੱਠਾ ਕਰਨ ਦੀ ਇਸ ਮੁਹਿੰਮ ਵਿੱਚ ਬਲਾਕ ਆਗੂ ਸੁਖਦੇਵ ਸ਼ਰਮਾ ਭੁਟਾਲ ਖੁਰਦ ਤੇ ਮਾਸਟਰ ਗੁਰਚਰਨ ਸਿੰਘ ਖੋਖਰ ਸਪੀਕਰ ਰਾਹੀਂ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਤੇ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਨਾਅਰੇਬਾਜ਼ੀ ਕਰਕੇ ਇਸਤਰੀ ਵਿੰਗ ਦੀ ਮਦਦ ਕਰ ਰਹੇ ਸਨ। ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ’ਚ ਔਰਤ ਵਿੰਗ ਦੀ ਸਮੁੱਚੀ ਟੀਮ ਨੇ ਉਤਸ਼ਾਹ ਨਾਲ ਕੰਮ ਕੀਤਾ।