ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਫਰਵਰੀ
ਇਥੋਂ ਨੇੜੇ ਗੁਰਦੁਆਰਾ ਸਾਹਿਬ ਪਿੰਡ ਫੱਗੂਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਵੋਟਾਂ ਦੇ ਰੌਲੇ ਰੱਪੇ ਦੌਰਾਨ ਯੂਨੀਅਨ ਵੱਲੋਂ ਲੋਕ ਤਾਕਤ ਨੂੰ ਮਜ਼ਬੂਤ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੂਬਾ ਪ੍ਰਧਾਨ ਸ੍ਰੀ ਉਗਰਾਹਾਂ ਨੇ ਦੱਸਿਆ ਕਿ ਵੋਟ ਭਰਮ ਨੂੰ ਤੋੜੋ, ਲੋਕ ਤਾਕਤ ਜੋੜੋ ਦੇ ਨਾਅਰੇ ਹੇਠ 17 ਫਰਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੇ ਬੁਨਿਆਦੀ ਲੋਕ ਮੁੱਦੇ ਉਭਾਰੇ ਜਾਣਗੇ। ਮੀਟਿੰਗ ਵਿੱਚ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਕ, ਮੀਤ ਪ੍ਰਧਾਨ ਜਗਤਾਰ ਸਿੰਘ ਲੱਡੀ, ਸੰਗਠਨ ਸਕੱਤਰ ਅਮਨਦੀਪ ਸਿੰਘ ਮਹਿਲਾਂ ਚੌਕ ਤੇ ਬਲਾਕ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਸ਼ਾਮਲ ਸਨ।