ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਜੂਨ
ਇਥੋਂ ਨੇੜਲੇ ਘਰਾਚੋਂ ਵਿੱਚ ਖੇਤ ਵਾਲੀ ਮੋਟਰ ਦਾ ਕਰੰਟ ਲੱਗਣ ਕਾਰਨ ਕਿਸਾਨ ਜਗਤਾਰ ਸਿੰਘ ਦੀ ਮੌਤ ਹੋ ਗਈ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਰਦੇਵ ਸਿੰਘ ਵਾਸੀ ਘਰਾਚੋਂ ਨੇ ਦੱਸਿਆ ਕਿ ਉਸ ਦਾ ਲੜਕਾ ਜਗਤਾਰ ਸਿੰਘ (37) ਖੇਤੀਬਾੜੀ ਕਰਦਾ ਸੀ। ਬੀਤੇ ਦਿਨ ਉਹ ਖੇਤ ਵਾਲੀ ਮੋਟਰ ਨੂੰ ਚਲਾਉਣ ਗਿਆ ਸੀ ਤਾਂ ਸਟਾਰਟਰ ਵਿੱਚੋਂ ਜਗਤਾਰ ਸਿੰਘ ਦੇ ਕਰੰਟ ਲੱਗ ਗਿਆ। ਜਗਤਾਰ ਸਿੰਘ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਨੌਜਵਾਨ ਦਾ ਅੱਜ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਪਿੰਡ ਵਿੱਚ ਸਸਕਾਰ ਕੀਤਾ ਗਿਆ। ਕਿਸਾਨ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸਰਕਾਰ ਤੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।