ਮੇਜਰ ਸਿੰਘ ਮੱਟਰਾਂ
ਭਵਾਨੀਗੜ, 5 ਮਈ
ਇਥੋਂ ਨੇੜਲੇ ਪਿੰਡ ਬਾਲਦ ਕਲਾਂ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਸਹਿਮਤੀ ਨਾ ਹੋਣ ਕਾਰਣ ਮੁਲਤਵੀ ਕੀਤੀ ਗਈ। ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਬਾਲਦ ਕਲਾਂ ਪਹੁੰਚੇ ਸਨ। ਇਸ ਦੌਰਾਨ ਪੰਚਾਇਤੀ ਜ਼ਮੀਨ ’ਚੋਂ ਜਨਰਲ ਹਿੱਸੇ ਦੀ ਜ਼ਮੀਨ ਦੀ ਬੋਲੀ ਕੁੱਝ ਕੁ ਪਲਾਟਾਂ ਨੂੰ ਛੱਡ ਕੇ ਹੋ ਗਈ ਹੈ। ਇਸ ਤੋਂ ਇਲਾਵਾ ਤੀਜੇ ਹਿੱਸੇ ਦੀ ਰਿਜ਼ਰਵ 108 ਕਿੱਲਿਆਂ ਦੀ ਬੋਲੀ ਦਲਿਤ ਵਰਗ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦੀ ਸਹਿਮਤੀ ਨਾ ਹੋਣ ਕਾਰਨ ਮੁਲਤਵੀ ਕੀਤੀ ਗਈ ਹੈ। ਬੋਲੀ ਮੁਲਤਵੀ ਹੋਣ ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਪਿੰਡ ਬਾਲਦ ਕਲਾਂ ਦੀ ਐੱਸਸੀ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਡੀਡੀਪੀਓ ਸੰਗਰੂਰ ਵੱਲੋਂ ਇਸ ਕਰਕੇ ਰੱਦ ਕਰ ਦਿੱਤੀ ਗਈ ਕਿਉਂਕਿ ਬਹੁਗਿਣਤੀ ਦਲਿਤ ਭਾਈਚਾਰੇ ਦੇ ਲੋਕ ਸਾਂਝੀ ਖੇਤੀ ਲਈ ਇਸ ਜ਼ਮੀਨ ਨੂੰ ਤਿੰਨ ਸਾਲਾਂ ਲਈ ਪਟੇ ’ਤੇ ਲੈਣਾ ਚਾਹੁੰਦੇ ਸਨ। ਇੱਕ ਪਾਸੇ ਪੰਚਾਇਤ ਮੰਤਰੀ ਵੱਲੋਂ ਦਲਿਤਾਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਤਕਰਾ ਨਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਅੱਜ ਬਾਲਦ ਕਲਾਂ ਦੀ ਰੱਦ ਹੋਈ ਬੋਲੀ ਨੇ ਸਾਬਤ ਕਰ ਦਿੱਤਾ ਹੈ ਕਿ ਪੰਚਾਇਤੀ ਵਿਭਾਗ ਦੀ ਅਫ਼ਸਰਸ਼ਾਹੀ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਤਾਲਮੇਲ ਵਿੱਚ ਨਹੀਂ ਹੈ। ਇਸ ਮੌਕੇ ਬੋਲੀ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਚਰਨ ਸਿੰਘ ਬਾਲਦ ਕਲਾਂ, ਪਾਲਾ ਸਿੰਘ, ਬਿੱਲੂ ਸਿੰਘ ਗੁਰਵਿੰਦਰ ਸਿੰਘ ਪਰਮਜੀਤ ਕੌਰ ਹਮੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਸ਼ਾਮਲ ਹੋਏ।
ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਨੇ ਦੱਸਿਆ ਕਿ ਤੀਜੇ ਹਿੱਸੇ ਦੀ ਰਿਜ਼ਰਵ ਜ਼ਮੀਨ ਦੀ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਕਰਵਾਈ ਗਈ ਸੀ ਪਰ ਦਲਿਤ ਵਰਗ ਦੇ ਸਹਿਮਤ ਨਾ ਹੋਣ ਕਾਰਣ ਮੁਲਤਵੀ ਕੀਤੀ ਗਈ ਹੈ।