ਮੇਜਰ ਸਿੰਘ ਮੱਟਰਾਂ
ਭਵਾਨੀਗੜ, 7 ਮਈ
ਇਥੋਂ ਨੇੜਲੇ ਪਿੰਡ ਘਰਾਚੋਂ ਅਤੇ ਬਟੜਿਆਣਾ ਵਿਖੇ ਵੀ ਡੀਡੀਪੀਓ ਵਨੀਤ ਸ਼ਰਮਾ ਦੀ ਨਿਗਰਾਨੀ ਹੇਠ ਰੱਖੀਆਂ ਗਈਆਂ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਵਿੱਚੋਂ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਸਹਿਮਤੀ ਨਾ ਹੋਣ ਕਾਰਣ ਮੁਲਤਵੀ ਕੀਤੀ ਗਈ। ਇਸ ਮੌਕੇ ਦਲਿਤਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਠੇਕੇ ’ਤੇ ਲੈਣ ਵਾਲਿਆਂ ਉਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਨਵੇਂ ਫੁਰਮਾਨ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਦਲਿਤਾਂ ਨੂੰ ਜ਼ਮੀਨ ਤੋਂ ਬਾਹਰ ਕਰਨ ਦੇ ਇਰਾਦੇ ਨਾਲ ਜਿੱਥੇ ਪਹਿਲਾਂ 2018 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਦਲਿਤਾਂ ਨੂੰ ਮਿਲਣ ਵਾਲੀਆਂ ਰਿਆਇਤਾਂ ਨੂੰ ਖਤਮ ਕੀਤਾ ਗਿਆ ਹੈ, ਉੱਥੇ ਪੰਚਾਇਤੀ ਜ਼ਮੀਨ ਬੋਲੀ ‘ਤੇ ਲੈਣ ਵਾਲਿਆਂ ਲਈ ਡੀਐੱਸਆਰ ਪ੍ਰਣਾਲੀ ਰਾਹੀਂ ਸਿੱਧੀ ਫ਼ਸਲ ਬੀਜਣ ਦੀ ਸ਼ਰਤ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦਲਿਤਾਂ ਤੋਂ ਪੰਚਾਇਤੀ ਜ਼ਮੀਨ ਵਿੱਚ ਸਿੱਧੀ ਬਿਜਾਈ ਕਰਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਟਰੈਕਟਰ ਅਤੇ ਹੋਰ ਖੇਤੀਬਾੜੀ ਸੰਦਾਂ ਦਾ ਪ੍ਰਬੰਧ ਕਰਕੇ ਦੇਵੇ। ਉਨ੍ਹਾਂ ਕਿਹਾ ਕਿ ਦਲਿਤਾਂ ਖ਼ਿਲਾਫ਼ ਨਿੱਤ ਦਿਹਾੜੀ ਕੀਤੇ ਜਾ ਰਹੇ ਇਨ੍ਹਾਂ ਫੁਰਮਾਨਾਂ ਦੇ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤਿੱਖਾ ਸੰਘਰਸ ਵਿੱਢੇਗੀ ਅਤੇ ਆਉਣ ਵਾਲੀ 12 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਗੁਰਚਰਨ ਸਿੰਘ ਫੌਜੀ ਘਰਾਚੋਂ, ਚਮਕੌਰ ਸਿੰਘ, ਜੀਵਨ ਸਿੰਘ, ਭਾਨ ਸਿੰਘ, ਹਰਦੇਵ ਸਿੰਘ ਬਟੜਿਆਣਾ, ਸੁਖਵਿੰਦਰ ਸਿੰਘ, ਜੰਗੀਰ ਸਿੰਘ, ਚਰਨਜੀਤ ਕੌਰ ਸਮੇਤ ਵੱਡੀ ਗਿਣਤੀ ਮਜਦੂਰ ਹਾਜ਼ਰ ਸਨ। ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਨੇ ਦੱਸਿਆ ਕਿ ਮਜ਼ਦੂਰ ਪਿਛਲੇ ਸਾਲ ਤੋਂ ਵੀ ਘੱਟ ਰੇਟ ’ਤੇ ਲੈਣ ਦੀ ਮੰਗ ਕਰ ਰਹੇ ਹਨ, ਜੋ ਨਿਯਮਾਂ ਅਨੁਸਾਰ ਉਹ ਅਜਿਹਾ ਨਹੀ ਕਰ ਸਕਦੇ। ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਿਰਫ ਪ੍ਰੇਰਿਤ ਕੀਤਾ ਜਾ ਰਿਹਾ ਹੈ।