ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਨਵੰਬਰ
ਇਥੋਂ ਨੇੜਲੇ ਪਿੰਡ ਜੌਲੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਅਵਤਾਰ ਸਿੰਘ ਦੇ ਘਰੇਲੂ ਸਾਮਾਨ ਅਤੇ ਪਸ਼ੂਆਂ ਦੀ ਕੁਰਕੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਬਲਾਕ ਆਗੂ ਕਰਮਚੰਦ ਪੰਨਵਾਂ, ਗੁਰਚੇਤ ਸਿੰਘ ਭੱਟੀਵਾਲ ਕਲਾਂ, ਲਾਡੀ ਬਖੋਪੀਰ ਅਤੇ ਕਸ਼ਮੀਰ ਸਿੰਘ ਆਲੋਅਰਖ ਨੇ ਦੱਸਿਆ ਕਿ ਧਨਾਢ ਲੋਕਾਂ ਵੱਲੋਂ ਕਿਸਾਨ ਅਵਤਾਰ ਸਿੰਘ ਦੀ ਜ਼ਮੀਨ ਧੋਖਾਧੜੀ ਨਾਲ ਆਪਣੇ ਨਾਂ ਕਰਕੇ ਕਬਜ਼ਾ ਕਰਨ ਦੀ ਧੱਕੜ ਕਾਰਵਾਈ ਕੀਤੀ ਗਈ ਸੀ, ਜਿਸ ਖ਼ਿਲਾਫ਼ ਯੂਨੀਅਨ ਵੱਲੋਂ ਆਵਾਜ਼ ਬੁਲੰਦ ਕੀਤੀ ਗਈ। ਯੂਨੀਅਨ ਨੇ ਕਿਸਾਨ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਚਾਲ ਨੂੰ ਨਾਕਾਮ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਅੱਜ ਧਨਾਢ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਕਿਸਾਨ ਦੇ ਘਰੇਲੂ ਸਾਮਾਨ ਅਤੇ ਪਸ਼ੂਆਂ ਦੀ ਕੁਰਕੀ ਕਰਨ ਆਉਣਾ ਸੀ ਪਰ ਯੂਨੀਅਨ ਨੇ ਇਸ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦੇਣਗੇ।
ਕਿਸਾਨਾਂ ਦੇ ਵਿਰੋਧ ਕਾਰਨ ਕੋਈ ਪ੍ਰਸ਼ਾਸ਼ਨਕ ਅਧਿਕਾਰੀ ਪਿੰਡ ਜੌਲੀਆਂ ਵਿਖੇ ਨਹੀਂ ਪਹੁੰਚਿਆ।