ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਸਤੰਬਰ
ਸਿਰਸਾ ਦੇ ਐਡਵੋਕੇਟ ਜਰਨੈਲ ਸਿੰਘ ਬਰਾੜ ਵੱਲੋਂ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਗਏ ਖ਼ਰਚੇ ਸਬੰਧੀ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਚੋਣ ਲੜੇ ਉਮੀਦਵਾਰ ਗੁਰਮੇਲ ਸਿੰਘ ਦੇ ਪਿੰਡ ਘਰਾਚੋਂ ਦੇ ਬੱਸ ਸਟੈਂਡ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਵਕੀਲ ਜਰਨੈਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਅਨੋਖ਼ਾ ਢੰਗ ਅਪਣਾਇਆ ਗਿਆ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਵੱਲੋਂ ਸੰਸਦ ਮੈਂਬਰ ਦੀ ਚੋਣ ਲੜਣ ਵਾਲੇ ਉਮੀਦਵਾਰ ਲਈ 70 ਲੱਖ ਰੁਪਏ ਖਰਚਾ ਕਰਨ ਦੀ ਹੱਦ ਰੱਖੀ ਹੋਈ ਸੀ। ਇਸ ਲਈ ਉਨ੍ਹਾਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਹੋਈ ਜ਼ਿਮਨੀ ਚੋਣ ਵਿੱਚ ਖੜੇ ਹੋਏ ਪਾਰਟੀਆਂ ਦੇ ਉਮੀਦਵਾਰਾਂ ਤੋਂ ਹਿਸਾਬ ਲੈਣ ਦੀ ਲੜੀ ਤਹਿਤ ਅੱਜ ਇੱਥੇ ਧਰਨਾ ਦਿੱਤਾ ਗਿਆ ਹੈ। ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਦੇ ਚੋਣ ਖਰਚੇ ਜਨਤਕ ਕਰਨ ਲਈ ਪਹਿਲਾਂ ਦੋਵਾਂ ਸਖਸ਼ੀਅਤਾਂ ਨੂੰ ਲਿਖਤੀ ਪੱਤਰ ਦੇ ਕੇ ਖਰਚਾ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ। ਐਡਵੋਕੇਟ ਬਰਾੜ ਨੇ ਦੱਸਿਆ ਕਿ 29 ਅਗਸਤ ਨੂੰ ਪੁਲੀਸ ਨੇ ਗ੍ਰਿਫਤਾਰ ਕਰਕੇ ਇਹ ਆਵਾਜ਼ ਬੁਲੰਦ ਕਰਨ ਤੋਂ ਰੋਕਿਆ ਗਿਆ, ਜਿਸ ਕਾਰਨ ਅੱਜ ਧਰਨਾ ਲਗਾਇਆ ਗਿਆ ਹੈ। ਇਸੇ ਦੌਰਾਨ ਸ੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਣ ਖਰਚ ਦੇ ਵੇਰਵੇ ਚੋਣ ਕਮਿਸ਼ਨਰ ਕੋਲ ਦਿੱਤੇ ਗਏ ਹਨ।