ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੁਲਾਈ
ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਵਿੱਚੋਂ ਲੰਘਦੇ ਸਰਹਿੰਦ ਚੋਅ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਅੱਧੀ ਦਰਜਨ ਪਿੰਡਾਂ ਦੇ ਖੇਤਾਂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਵਾਧੂ ਪਾਣੀ ਛੱਡਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਭਵਾਨੀਗੜ੍ਹ-ਧੂਰੀ ਮੁੱਖ ਸੜਕ ’ਤੇ ਪਿੰਡ ਗਹਿਲਾਂ ਵਿਖੇ ਧਰਨਾ ਦਿੱਤਾ। ਇਸ ਮੌਕੇ ਕਿਸਾਨ ਨਿਹਾਲ ਸਿੰਘ, ਜਸਵੀਰ ਸਿੰਘ ਨੰਬਰਦਾਰ, ਸਰਦਾਰਾ ਖਾਂ, ਬਲਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ, ਜੋਰਾ ਸਿੰਘ, ਮੱਖਣ ਸਿੰਘ, ਗੁਰਚਰਨ ਸਿੰਘ ਅਤੇ ਸੇਵਾ ਸਿੰਘ ਨੇ ਦੋਸ਼ ਲਗਾਇਆ ਕਿ ਸਰਹਿੰਦ ਚੋਅ ਵਿੱਚ ਪਿੱਛੋਂ ਜ਼ਿਆਦਾ ਪਾਣੀ ਛੱਡਣ ਕਾਰਨ ਪਿੰਡ ਮਹਿਸਮਪੁਰ, ਨੰਦਗੜ੍ਹ, ਰਸੂਲਪੁਰ ਛੰਨਾਂ, ਦਿੱਤੂਪੁਰ, ਗਹਿਲਾਂ, ਖੇੜੀ ਚੰਦਵਾਂ,ਜਲਾਣ ਅਤੇ ਸੰਤੋਖਪੁਰਾ ਦੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਲਗਾਤਾਰ ਵੱਧ ਰਹੇ ਪਾਣੀ ਨਾਲ ਵੱਡੀ ਪੱਧਰ ’ਤੇ ਝੋਨੇ ਦੀ ਫ਼ਸਲ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੱਛੋਂ ਛੱਡਿਆ ਪਾਣੀ ਤੁਰੰਤ ਬੰਦ ਕੀਤਾ ਜਾਵੇ। ਇਸੇ ਦੌਰਾਨ ਐੱਸਡੀਐਮ ਭਵਾਨੀਗੜ੍ਹ ਵਨਿੀਤ ਕੁਮਾਰ ਵੱਲੋਂ ਧਰਨਾਕਾਰੀਆਂ ਨਾਲ ਫੋਨ ’ਤੇ ਭਰੋਸਾ ਦਿੱਤਾ ਕਿ ਸਰਹਿੰਦ ਚੋਅ ਵਿੱਚ ਵਾਧੂ ਪਾਣੀ ਨਹੀ ਛੱਡਿਆ ਜਾਵੇਗਾ। ਭਰੋਸੇ ਉਪਰੰਤ ਕਿਸਾਨਾਂ ਨੇ ਧਰਨਾ ਸਮਾਪਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਵਾਧੂ ਪਾਣੀ ਨਾ ਰੋਕਿਆ ਗਿਆ ਤਾਂ ਉਹ 13 ਜੁਲਾਈ ਨੂੰ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ।