ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 1 ਦਸੰਬਰ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਦੀ ਸ਼ਮੂਲੀਅਤ ਦੇ ਬਾਵਜੂਦ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਅੱਜ 62ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿਖੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਬਾਲਦ ਕਲਾਂ, ਬਘੇਲ ਸਿੰਘ ਮਾਝੀ, ਅੰਗਰੇਜ ਸਿੰਘ, ਹਾਕਮ ਸਿੰਘ, ਲਾਭ ਸਿੰਘ, ਮੇਜਰ ਸਿੰਘ ਬਾਲਦ ਕਲਾਂ, ਚਰਨਜੀਤ ਭੜੋ , ਗੁਰਚਰਨ ਸਿੰਘ ਬੀਂਬੜੀ, ਜਗਦੀਸ ਸਿੰਘ, ਹਰਦੀਪ ਨਕਟੇ, ਕੁਲਵੰਤ ਕੌਰ ਨਕਟੇ, ਕੁਲਵਿੰਦਰ ਕੌਰ, ਸਾਨੀਆਂ ਬੇਗਮ, ਜਸ਼ਨਦੀਪ ਕੌਰ ਅਤੇ ਅਵਤਾਰ ਸਿੰਘ ਬਾਲਦ ਖੁਰਦ ਨੇ ਸੰਬੋਧਨ ਕੀਤਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਘਰਾਚੋਂ, ਮੇਵਾ ਸਿੰਘ ਕਾਲਾਝਾੜ, ਬਲਵੀਰ ਸਿੰਘ ਨਾਗਰਾ ਅਤੇ ਚਰਨਜੀਤ ਕੌਰ ਰਾਜਪੁਰਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੌਲ ਪੰਪ ਬਾਲਦ ਕਲਾਂ ਵਿਖੇ ਲਗਾਏ ਧਰਨੇ ਵਿੱਚ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਕਾਨੂੰਨ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ।