ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਇਕਾਈ ਖੇੜੀ ਗਿੱਲਾਂ ਦੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਬੀਡੀਪੀਓ ਭਵਾਨੀਗੜ੍ਹ ਨੂੰ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਮਜ਼ਦੂਰਾਂ ਦੀਆਂ ਮੰਗਾਂ ਲੰਬੇ ਸਮੇ ਤੋਂ ਲਟਕਦੀਆਂ ਆ ਰਹੀਆਂ ਹਨ ਅਤੇ ਵੱਖ ਵੱਖ ਸਰਕਾਰਾਂ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੀਆਂ ਆ ਰਹੀਆਂ ਹਨ। ਅੱਜ ਵੀ ਪਿੰਡ ਖੇੜੀ ਗਿੱਲਾਂ ਦੇ ਖੇਤ ਮਜ਼ਦੂਰ ਰਿਹਾਇਸ਼ੀ ਪਲਾਟਾਂ ਤੋਂ ਵਾਂਝੇ ਹਨ। ਆਗੂ ਨੇ ਦੱਸਿਆ ਕਿ ਪਿੰਡ ਖੇੜੀ ਗਿੱਲਾਂ ਦੀ ਗ੍ਰਾਮ ਪੰਚਾਇਤ ਵੱਲੋਂ ਪੰਜ ਮਰਲੇ ਪਲਾਟਾਂ ਦੇ ਸਬੰਧ ਵਿੱਚ ਗ੍ਰਾਮ ਸਭਾ ਦਾ ਮਤਾ ਪਾਇਆ ਗਿਆ ਹੈ ਪਰ ਅਜੇ ਤੱਕ ਖੇਤ ਮਜ਼ਦੂਰਾਂ ਨੂੰ ਪਲਾਟ ਅਲਾਟ ਕਰਨ ਲਈ ਕੋਈ ਵੀ ਢੁੱਕਵਾਂ ਅਮਲ ਨਹੀਂ ਚਲਾਇਆ ਗਿਆ।
ਬੀਡੀਪੀਓ ਮਨਜੀਤ ਸਿੰਘ ਨੇ ਖੇਤ ਮਜ਼ਦੂਰਾਂ ਨੂੰ ਭਰੋਸਾ ਦਵਾਇਆ ਕਿ ਜਲਦੀ ਜ਼ਮੀਨ ਦੀ ਮਿਣਤੀ ਕਰਾ ਕੇ ਪਲਾਟ ਅਲਾਟ ਕੀਤੇ ਜਾਣਗੇ। ਇਸ ਮੌਕੇ ਰਿੰਕੂ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਚਮਕੌਰ ਸਿੰਘ, ਲੱਛੋ ਕੌਰ, ਜਸਵੀਰ ਕੌਰ ਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜਦੂਰ ਤੇ ਔਰਤਾਂ ਹਾਜ਼ਰ ਸਨ।