ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 16 ਦਸੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮ੍ਰਿਤਕ ਗੁਰਮੇਲ ਕੌਰ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਐੱਸਡੀਐੰਮ ਦਫਤਰ ਦਾ ਘਿਰਾਓ ਜਾਰੀ ਰੱਖਿਆ ਗਿਆ। ਅਖੀਰ ਵਿੱਚ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਸੁਖਦੇਵ ਸਿੰਘ ਘਰਾਚੋਂ, ਲਾਡੀ ਬਖੋਪੀਰ, ਰਣਜੀਤ ਕੌਰ ਘਰਾਚੋਂ, ਬੇਅੰਤ ਕੌਰ, ਅਮਰਜੀਤ ਕੌਰ, ਨੈਬ ਸਿੰਘ ਅਤੇ ਰਾਜ ਸਿੰਘ ਨੇ ਕਿਹਾ ਕਿ 8 ਦਸੰਬਰ ਨੂੰ ਕਾਲਾਝਾੜ ਟੌਲ ਪਲਾਜ਼ਾ ਤੇ ਲੱਗੇ ਹੋਏ ਮੋਰਚੇ ਵਿੱਚ ਮਾਤਾ ਗੁਰਮੇਲ ਕੌਰ ਵਾਸੀ ਘਰਾਚੋਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਟਾਲਮਟੋਲ ਨੀਤੀ ਕਾਰਨ ਅੱਜ 9 ਦਿਨ ਬਾਅਦ ਵੀ ਗੁਰਮੇਲ ਕੌਰ ਦਾ ਸਸਕਾਰ ਨਹੀਂ ਹੋ ਸਕਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਕੋਈ ਮਸਲਾ ਹੱਲ ਨਾ ਹੋਇਆ ਤਾਂ ਜਥੇਬੰਦੀ ਕੋਈ ਤਿੱਖਾ ਐਕਸ਼ਨ ਕਰੇਗੀ। ਇਸੇ ਦੌਰਾਨ ਪ੍ਰਸਾਸਨ ਵੱਲੋਂ ਐੱਸਡੀਐੱਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ ਅਤੇ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਵੱਲੋਂ ਮ੍ਰਿਤਕ ਗੁਰਮੇਲ ਕੌਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ ਸਾਰੀ ਤਜਵੀਜ਼ ਸਰਕਾਰ ਕੋਲ ਪਹਿਲਾਂ ਹੀ ਭੇਜ ਦਿੱਤੀ ਗਈ ਹੈ। ਇਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਦਾ 17 ਦਸੰਬਰ ਨੂੰ ਘਰਾਚੋਂ ਵਿਖੇ ਸਸਕਾਰ ਕੀਤਾ ਜਾਵੇਗਾ।