ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਜੁਲਾਈ
ਇੱਥੇ ਐੱਸਡੀਐੱਮ ਭਵਾਨੀਗੜ੍ਹ ਵਿਨੀਤ ਕੁਮਾਰ ਦੀ ਨਿਗਰਾਨੀ ਹੇਠ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਮੀਟਿੰਗ ਵਿੱਚ ਨਰਿੰਦਰ ਸਿੰਘ ਹਾਕੀ ਪ੍ਰਧਾਨ ਚੁਣੇ ਗਏ। ਮੀਟਿੰਗ ਵਿੱਚ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਦੋ ਸਾਲਾਂ ਤੋਂ ਰੇੜਕਾ ਚੱਲਦਾ ਆ ਰਿਹਾ ਸੀ ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਲਗਪਗ ਠੱਪ ਪਏ ਸਨ। ਇਸੇ ਦੌਰਾਨ ਅੱਜ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਰੱਖੀ ਗਈ।
ਮੀਟਿੰਗ ਵਿੱਚ ਕੁੱਲ 15 ਕੌਂਸਲਰਾਂ ’ਚੋਂ ਨਰਿੰਦਰ ਸਿੰਘ ਹਾਕੀ, ਜਸਪਾਲ ਕੌਰ, ਗੁਰਵਿੰਦਰ ਸਿੰਘ ਸੱਗੂ, ਹਰਮਨਪ੍ਰੀਤ ਸਿੰਘ, ਸੰਜੀਵ ਕੁਮਾਰ ਲਾਲਕਾ, ਸਵਰਨਜੀਤ ਸਿੰਘ, ਹਰਵਿੰਦਰ ਕੌਰ, ਨੇਹਾ ਰਾਣੀ ਅਤੇ ਵਿੱਦਿਆ ਦੇਵੀ ਆਦਿ 9 ਮੈਂਬਰ ਹਾਜ਼ਰ ਸਨ। ਸਾਬਕਾ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਸਮੇਤ 6 ਕੌਂਸਲਰ ਗੈਰ-ਹਾਜ਼ਰ ਸਨ। ਐੱਸਡੀਐੱਮ ਵਿਨੀਤ ਕੁਮਾਰ ਨੇ ਦੱਸਿਆ ਕਿ ਚੋਣ ਕੋਰਮ ਪੂਰਾ ਹੋਣ ਕਾਰਨ ਪ੍ਰਧਾਨ ਦੀ ਚੋਣ ਕੀਤੀ ਗਈ। ਨਵੇਂ ਚੁਣੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਨੇ ਹਲਕਾ ਵਿਧਾਇਕ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਹਲਕਾ ਵਿਧਾਇਕਾ ਭਰਾਜ ਨੇ ਨਵੇਂ ਪ੍ਰਧਾਨ ਨਰਿੰਦਰ ਸਿੰਘ ਹਾਕੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹੁਣ ਸ਼ਹਿਰ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨਗੇ। ਇਸ ਮੌਕੇ ਗੁਰਪ੍ਰੀਤ ਸਿੰਘ ਫੱਗੂਵਾਲਾ ਪ੍ਰਧਾਨ ਟਰੱਕ ਯੂਨੀਅਨ, ਪ੍ਰਦੀਪ ਮਿੱਤਲ, ਜਗਸੀਰ ਸਿੰਘ ਝਨੇੜੀ ਆਦਿ ਹਾਜ਼ਰ ਸਨ।