ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਨਵੰਬਰ
ਅੱਜ ਇਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਅਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਸੂਬਾ ਸਲਾਹਕਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਪਾਲ ਸਿੰਘ ਅਰਨੋਂ ਮੀਤ ਪ੍ਰਧਾਨ, ਨਛੱਤਰ ਸਿੰਘ ਬਾਲੀਆਂ, ਸੁਖਪ੍ਰੀਤ ਸਿੰਘ ਮਾਝਾ,ਲੱਡੂ ਸਿੰਘ ਸੁਨਾਮ, ਪਿਆਰਾ ਸਿੰਘ ਜਖੇਪਲ ਸਮੇਤ ਸਮੁੱਚੇ ਸੁਬਾਈ ਆਗੂ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਸਖ਼ਤ ਡਿਊਟੀ ਦੇ ਬਾਵਜੂਦ ਚੌਕੀਦਾਰਾਂ ਨੂੰ 10 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਤਕਰੇ ਦੇ ਵਿਰੋਧ ਵਿੱਚ ਐਸੋਸੀਏਸ਼ਨ ਵੱਲੋਂ 3 ਦਸੰਬਰ ਨੂੰ ਬਨਾਸਰ ਬਾਗ ਸੰਗਰੂਰ ਵਿਖੇ ਇਕੱਠੇ ਹੋ ਕੇ ਨੰਗੇ ਧੜ ਥਾਲੀਆਂ ਤੇ ਪੀਪੇ ਖੜਕਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਚੌਕੀਦਾਰਾਂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।