ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਜੂਨ
ਪੰਜ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਠੱਪ ਹੋਣ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਚੰਨੋ, ਮੁਨਸ਼ੀਵਾਲਾ ਤੇ ਮਸਾਣੀ ਦੇ ਕਿਸਾਨਾਂ ਵੱਲੋਂ ਪਿੰਡ ਕਾਲਾਝਾੜ ਪੁਲੀਸ ਚੌਕੀ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਕਿਸਾਨ ਬਲਜਿੰਦਰ ਸਿੰਘ ਗੋਗੀ, ਰਜਿੰਦਰ ਸਿੰਘ ਮੁਨਸ਼ੀਵਾਲਾ, ਭੁਪਿੰਦਰ ਸਿੰਘ, ਬੇਅੰਤ ਸਿੰਘ ਚੰਨੋ, ਜਗਵਿੰਦਰ ਸਿੰਘ ਜੋਗਾ ਤੇ ਬਲਵਿੰਦਰ ਸਿੰਘ ਮੁਨਸ਼ੀਵਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਤੇਜ ਝੱਖੜ ਨਾਲ ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟਣ ਕਾਰਨ ਲਗਾਤਾਰ ਪੰਜ ਦਿਨਾਂ ਤੋਂ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਤਕਰੀਬਨ 200 ਖੇਤੀ ਮੋਟਰਾਂ ਖੜੀਆਂ ਹਨ। ਖੇਤਾਂ ਵਿੱਚ ਪਾਣੀ ਨਾ ਹੋਣ ਕਾਰਣ ਝੋਨੇ ਦੀ ਲਵਾਈ ਰੁਕ ਗਈ ਹੈ। ਇਸੇ ਤਰ੍ਹਾਂ ਗਹਿਲਾਂ ਸਕਰੌਦੀ ਫੀਡਰ ਦੀ ਖੇਤੀ ਮੋਟਰਾਂ ਵਾਲੀ ਸਪਲਾਈ ਬੰਦ ਹੋਣ ਦੇ ਖਿਲਾਫ ਬਿਜਲੀ ਗਰਿਡ ਅੱਗੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਝੋਨੇ ਦੀ ਲਵਾਈ ਸਮੇਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਝੱਖੜ ਕਾਰਣ ਬਿਜਲੀ ਦੇ ਖੰਭੇ ਤੇ ਤਾਰਾਂ ਵੱਡੀ ਪੱਧਰ ’ਤੇ ਟੁੱਟੇ ਹਨ ਤੇ ਮੁਲਾਜ਼ਮ ਬਿਜਲੀ ਲਾਈਨਾਂ ਨੂੰ ਠੀਕ ਕਰ ਰਹੇ ਹਨ ।