ਮੇਜਰ ਸਿੰਘ ਮੱਟਰਾਂ
ਭਵਾਨੀਗੜ, 4 ਅਗਸਤ
ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਖੇੜੀ ਗਿੱਲਾਂ ਵਿਖੇ ਪਲਾਟਾਂ ਵਾਲੀ ਜ਼ਮੀਨ ਵਿੱਚ ਚੇਤਾਵਨੀ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਅਤੇ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਪੰਜ ਪੰਜ ਮਰਲਿਆਂ ਦੇ ਪਲਾਟਾਂ ਦਾ ਕਬਜ਼ਾ ਲੈਣ ਲਈ ਦਿਨ ਰਾਤ ਦੇ ਪੱਕੇ ਮੋਰਚਾ ਅੱਜ ਸੋਲ੍ਹਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਪੰਜਾਬ ਸਰਕਾਰ ਖਿਲਾਫ ਚੇਤਾਵਨੀ ਰੈਲੀ ਕਰਨ ਉਪਰੰਤ ਕਾਲਾਝਾੜ ਵਿਖੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਣਾ ਸੀ ਪਰ ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਭਵਾਨੀਗੜ੍ਹ ਵਿਨੀਤ ਕੁਮਾਰ, ਡੀਐੱਸਪੀ ਮੋਹਿਤ ਅਗਰਵਾਲ ਅਤੇ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਨਾਲ ਭਵਾਨੀਗੜ੍ਹ ਵਿਖੇ ਐਸਡੀਐਮ ਦਫਤਰ ਵਿਖੇ ਮੀਟਿੰਗ ਸੱਦੀ ਗਈ।
ਉਨਾਂ ਦੱਸਿਆ ਕਿ ਮੀਟਿੰਗ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਮਸਲੇ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਰੈਲੀ ਵਿੱਚ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਅਤੇ ਪੰਚਾਇਤ ਅਫਸਰ ਕਰਮਜੀਤ ਸਿੰਘ ਨੇ ਕਿਹਾ ਕਿ 10 ਅਗਸਤ ਨੂੰ ਖੇੜੀ ਗਿੱਲਾਂ ਵਿਖੇ ਪੰਜ ਪੰਜ ਮਰਲਿਆਂ ਦੇ ਪਲਾਟਾਂ ਦਾ ਕਬਜ਼ਾ ਕਰਵਾ ਦਿੱਤਾ ਜਾਵੇਗਾ ਅਤੇ ਪਿੰਡ ਮਸਾਣੀ ਵਿੱਚ ਦੋ ਦਿਨਾਂ ਵਿੱਚ ਕਲੀ ਪਵਾ ਕੇ ਖੇਤ ਮਜ਼ਦੂਰਾਂ ਨੂੰ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇਗਾ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਆਗੂ ਜਰਨੈਲ ਸਿੰਘ ਕਾਲੇਕੇ ਤੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਕਾਈ ਆਗੂ ਬੂਟਾ ਸਿੰਘ ਗੁੱਜਰਾਂ, ਤਰਸੇਮ ਸਿੰਘ ਭੀਮਾਂ ਖੇੜੀ, ਜਰਨੈਲ ਸਿੰਘ ਸਦਰਪੁਰਾ,ਮੱਖਣ ਸਿੰਘ ਭਰਾਜ, ਜਗਤਾਰ ਸਿੰਘ ਖੇੜੀ ਗਿੱਲਾਂ, ਸੂਖਚੈਨ ਸਿੰਘ ਮਸਾਣੀ, ਚਮਕੌਰ ਸਿੰਘ ਕੁਲਬੁਰਛਾਂ ,ਹੈਪੀ ਸਿੰਘ ਖੇੜੀ ਗਿੱਲਾਂ ਨੇ ਵੀ ਸੰਬੋਧਨ ਕੀਤਾ।