ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਮਈ
ਇਥੋਂ ਨੇੜਲੇ ਪਿੰਡ ਬਾਲਦ ਕਲਾਂ, ਝਨੇੜੀ, ਘਰਾਚੋਂ ਅਤੇ ਬਟੜਿਆਣਾ ਵਿੱਚ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤ ਵਰਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸਹਿਮਤੀ ਨਾ ਹੋਣ ਕਾਰਨ ਦੂਜੀ ਵਾਰ ਫਿਰ ਮੁਲਤਵੀ ਹੋ ਗਈ। ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਲਾਕਾ ਆਗੂ ਗੁਰਚਰਨ ਸਿੰਘ ਘਰਾਚੋਂ ਅਤੇ ਅਵਤਾਰ ਸਿੰਘ ਬਾਲਦ ਕਲਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਐੱਸਸੀ ਕੋਟੇ ਦੀ ਪੰਚਾਇਤੀ ਜ਼ਮੀਨ ਤਿੰਨ ਸਾਲਾਂ ਵਾਸਤੇ ਪਟੇ ’ਤੇ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਬੋਲੀਆਂ ਰੱਖ ਕੇ ਇਸ ਮਾਮਲੇ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਇਸ ਮਸਲੇ ਸਬੰਧੀ 24 ਮਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰ ਦਿੱਤੀ ਗਈ ਹੈ ਪਰ ਫੇਰ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਐੱਸਸੀ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਰੱਖ ਕੇ ਪਿੰਡਾਂ ਦਾ ਮਾਹੌਲ ਖ਼ਰਾਬ ਕਰਨ ਦੀ ਹਰਕਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਸੀ ਕੋਟੇ ਦੀਆਂ ਜ਼ਮੀਨਾਂ ਸਬੰਧੀ ਮੁੱਖ ਮੰਤਰੀ ਵੱਲੋਂ ਕੋਈ ਫ਼ੈਸਲਾ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਐੱਸਸੀ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਕਿਸੇ ਵੀ ਪਿੰਡ ਵਿੱਚ ਬੋਲੀ ਨਾ ਕਰਵਾਈ ਜਾਵੇ। ਇਸ ਮੌਕੇ ਸੰਘਰਸ਼ ਕਮੇਟੀ ਦੇ ਇਲਾਕਾ ਆਗੂ ਚਮਕੌਰ ਸਿੰਘ ਝਨੇੜੀ, ਹਰਜਿੰਦਰ ਸਿੰਘ, ਰਾਮਚੰਦ ਝਨੇੜੀ, ਅਮਰਜੀਤ ਸਿੰਘ ਝਨੇੜੀ, ਚਮਕੌਰ ਸਿੰਘ ਘਰਾਚੋਂ, ਚਰਨਜੀਤ ਕੌਰ ਘਰਾਚੋਂ ਤੇ ਗੁਰਚਰਨ ਸਿੰਘ ਬਾਲਦ ਕਲਾਂ ਹਾਜ਼ਰ ਸਨ। ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਰਿਜ਼ਰਵ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੀ ਬੋਲੀ ਕਰਵਾਈ ਗਈ ਸੀ ਪਰ ਕੁੱਝ ਤਕਨੀਕੀ ਕਾਰਨ ਪਿੰਡਾਂ ਦੀਆਂ ਐੱਸਸੀ ਹਿੱਸੇ ਦੀਆਂ ਬੋਲੀਆਂ ਮੁਲਤਵੀ ਕੀਤੀਆਂ ਗਈਆਂ ਹਨ।