ਬੀਰਬਲ ਰਿਸ਼ੀ
ਸ਼ੇਰਪੁਰ, 24 ਮਈ
ਪਿੰਡ ਹੇੜੀਕੇ ਵਿਚ ਪੰਚਾਇਤੀ ਜ਼ਮੀਨ ਵਿਚ ਰਾਖਵੇਂ ਕੋਟੇ ਦੀ ਬੋਲੀ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤਾਂ ਦੇ ਇੱਕ ਹਿੱਸੇ ਨੇ ਨਾਅਰੇਬਾਜ਼ੀ ਕਰਦਿਆਂ ਵਿਭਾਗ ’ਤੇ ਡੰਮੀ ਬੋਲੀ ਕਰਵਾਏ ਜਾਣ ਦੇ ਗੰਭੀਰ ਦੋਸ਼ ਲਗਾਏ। ਸੰਘਰਸ਼ ਕਮੇਟੀ ਦੇ ਇਲਾਕਾ ਆਗੂ ਜਸਵੰਤ ਸਿੰਘ ਖੇੜੀ, ਇਕਾਈ ਆਗੂ ਸ਼ਿੰਗਾਰਾ ਸਿੰਘ ਅਤੇ ਸਿੰਦਰਪਾਲ ਕੌਰ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਡੰਮੀ ਬੋਲੀ ਕਰਵਾਈ ਜਾ ਰਹੀ ਜਿਸ ਦਾ ਜਥੇਬੰਦੀ ਨੇ ਵਿਰੋਧ ਕੀਤਾ ਹੈ ਅਤੇ ਕਿਤੇ ਵੀ ਕਥਿਤ ਡੰਮੀ ਬੋਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪੰਚਾਇਤ ਵੱਲੋਂ ਸਰਪੰਚ ਪਾਲਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਹੇੜੀਕੇ ਨੇ ਦੱਸਿਆ ਕਿ ਪੰਚਾਇਤ ਤਕਰੀਬਨ 21 ਕਿੱਲੇ ਜ਼ਮੀਨ ਹੈ ਜਿਸ ਵਿਚੋਂ ਤੀਜੇ ਹਿੱਸੇ ਦੀ 7 ਕਿੱਲੇ ਰਾਖਵੇਂ ਕੋਟੇ ਦੀ ਬੋਲੀ ਮੌਕੇ ਕੁੱਝ ਲੋਕਾਂ ਨੇ ਬੇਵਜ੍ਹਾ ਰੌਲਾ ਪਾਇਆ ਤੇ ਕੋਵਿਡ ਨਿਯਮਾਂ ਦੀਆਂ ਵੀ ਧੱਜੀਆ ਉੱਡਾਈਆਂ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਿਰਪੱਖਤਾ ਨਾਲ ਬੋਲੀ ਕੋਈ ਵੀ ਦੇਵੇ ਪਰ ਸਬੰਧਿਤ ਧਿਰ ਮਹਿਜ਼ ਤਿੰਨ ਹਜ਼ਾਰ ਪ੍ਰਤੀ ਬੋਲੀ ਲੈਣ ਦੀ ਇਛੁੱਕ ਹੈ ਅਤੇ ਹੋਰ ਕਿਸੇ ਨੂੰ ਬੋਲੀ ਨਾ ਦੇਣ ਲਈ ਡਰਾਇਆ ਜਾ ਰਿਹਾ ਹੈ।
ਪੰਚਾਇਤ ਵਿਭਾਗ ਵੱਲੋਂ ਆਪਣੇ ਅਮਲੇ ਸਣੇ ਬੋਲੀ ਕਰਵਾਉਣ ਲਈ ਪਹੁੰਚੇ ਸੈਕਟਰੀ ਦੀਪ ਕੁਮਾਰ ਨੇ ਦੱਸਿਆ ਕਿ ਮੌਕੇ ’ਤੇ ਰੌਲਾ ਪੈਣ ਤੇ ਇੱਕ ਧਿਰ ਵੱਲੋਂ ਇਕੱਠ ਕਰ ਲੈਣ ਤਹਿਤ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰਖਦਿਆਂ ਬੋਲੀ ਰੱਦ ਕਰਨੀ ਪਈ। ਬੀਡੀਪੀਓ ਨਾਲ ਰਾਇ ਮਸ਼ਵਰੇ ਮਗਰੋਂ ਅਗਲੀ ਤਾਰੀਕ ਛੇਤੀ ਹੀ ਮਿਥੀ ਜਾਵੇਗੀ।