ਪੱਤਰ ਪ੍ਰੇਰਕ
ਮੂਨਕ, 19 ਮਈ
ਪਿੰਡ ਸਲੇਮਗੜ੍ਹ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਭਗਵਾਨ ਸਿੰਘ ਦੀ ਅਗਵਾਈ ਹੇਠ ਸਮੂਹ ਮਜ਼ਦੂਰ ਐੱਸਸੀ ਭਾਈਚਾਰੇ ਨੇ ਇਕੱਠੇ ਹੋ ਕੇ ਐੱਸਸੀ ਕੋਟੇ ਦੀ ਪੰਚਾਇਤੀ ਰਿਜ਼ਰਵ ਜ਼ਮੀਨ ’ਤੇ ਸਾਂਝੀ ਖੇਤੀ ਕਰਨ ਵਾਸਤੇ ਘੱਟ ਰੇਟ ਠੇਕੇ ’ਤੇ ਲੈਣ ਲਈ ਬੋਲੀ ਦੇਣ ਦਾ ਯਤਨ ਕੀਤਾ ਪਰ ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੰਚਾਇਤ ਸੈਕਟਰੀ ਅਤੇ ਪੰਚਾਇਤ ਵੱਲੋਂ ਐੱਸਸੀ ਭਾਈਚਾਰੇ ’ਚੋਂ ਸਿਰਫ ਇਕ ਵਿਅਕਤੀ ਨਾਲ ਕਥਿਤ ਗੰਢਤੁੱਪ ਕਰਕੇ ਸਮੂਹ ਮਜ਼ਦੂਰ ਭਾਈਚਾਰੇ ਦੇ ਐਂਟੀ ਕੁੱਲ ਰਿਜ਼ਰਵ ਜ਼ਮੀਨ ਦੀ ਬੋਲੀ ਦਿਵਾਉਣ ਦਾ ਯਤਨ ਕੀਤਾ ਜੋ ਮਜ਼ਦੂਰਾਂ ਦੀ ਏਕਤਾ ਸਾਹਮਣੇ ਸਫ਼ਲ ਨਾ ਹੋ ਸਕਿਆ। ਅੱਜ ਦੀ ਬੋਲੀ ਮੌਕੇ ਪਹੁੰਚੇ ਪੰਚਾਇਤ ਸੈਕਟਰੀ ਨੂੰ ਰਮਦਾਸੀਆ ਧਰਮਸ਼ਾਲਾ ਵਿੱਚ ਬੋਲੀ ਰੱਦ ਕਰਨੀ ਪਈ। ਇਸ ਸਬੰਧੀ ਇਕ ਵਿਅਕਤੀ ਵੱਲੋਂ ਲਿਖਤੀ ਸ਼ਿਕਾਇਤ ਬੀਪੀਡੀਓ ਕੋਲ ਦਰਜ ਕਰਵਾਈ ਹੋਈ ਹੈ। ਤੀਜੀ ਵਾਰ ਬੋਲੀ ਰੱਦ ਕਰਨ ਦੇ ਵਿਰੋਧ ਵਜੋਂ ਯੂਨੀਅਨ ਵੱਲੋਂ 25 ਮਈ ਨੂੰ ਬੀਡੀਪੀਓ ਦਫਤਰ ਸਾਹਮਣੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਕਮੇਟੀ ਦੇ ਆਗੂ ਪਰਮਜੀਤ ਕੌਰ, ਅੰਤੋਂ ਕੌਰ, ਲੱਭੋ ਕੌਰ, ਕਿਰਨਾ ਕੌਰ, ਗੁਲਾਬ ਸਿੰਘ, ਸੱਤਪਾਲ ਸਿੰਘ, ਵੀਰਾ ਸਿੰਘ ਆਦਿ ਮੌਜੂਦ ਸਨ।