ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਮਈ
ਇੱਥੋਂ ਨੇੜਲੇ ਪਿੰਡ ਬਾਲਦ ਕਲਾਂ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਸਹਿਮਤੀ ਨਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ।
ਇਸ ਸਬੰਧੀ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਬਾਲਦ ਕਲਾਂ ਪਹੁੰਚੇ ਸਨ। ਇਸ ਦੌਰਾਨ ਪੰਚਾਇਤੀ ਜ਼ਮੀਨ ਵਿੱਚੋਂ ਜਨਰਲ ਹਿੱਸੇ ਦੀ ਜ਼ਮੀਨ ਦੀ ਬੋਲੀ ਕੁਝ ਕੁ ਪਲਾਟਾਂ ਨੂੰ ਛੱਡ ਕੇ ਹੋ ਗਈ ਹੈ। ਇਸ ਤੋਂ ਇਲਾਵਾ ਤੀਜੇ ਹਿੱਸੇ ਦੀ ਰਿਜ਼ਰਵ 108 ਕਿੱਲਿਆਂ ਦੀ ਬੋਲੀ ਦਲਿਤ ਵਰਗ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦੀ ਸਹਿਮਤੀ ਨਾ ਹੋਣ ਕਾਰਨ ਮੁਲਤਵੀ ਕੀਤੀ ਗਈ ਹੈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਪਿੰਡ ਬਾਲਦ ਕਲਾਂ ਦੀ ਐੱਸਸੀ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਵੱਲੋਂ ਇਸ ਕਰਕੇ ਰੱਦ ਕਰ ਦਿੱਤੀ ਗਈ ਕਿਉਂਕਿ ਬਹੁਗਿਣਤੀ ਦਲਿਤ ਭਾਈਚਾਰੇ ਦੇ ਲੋਕ ਸਾਂਝੀ ਖੇਤੀ ਲਈ ਇਸ ਜ਼ਮੀਨ ਨੂੰ ਤਿੰਨ ਸਾਲਾਂ ਲਈ ਪਟੇ ’ਤੇ ਲੈਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜੇ ਇਸ ਧੱਕੇਸ਼ਾਹੀ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੀ 12 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਉਨ੍ਹਾਂ ਨੂੰ ਘੱਟ ਰੇਟ ਉੱਪਰ ਸੁਸਾਇਟੀ ਬਣਾ ਕੇ ਲੰਮੇ ਸਮੇਂ ਲਈ ਪਟੇ ’ਤੇ ਦਿੱਤੀ ਜਾਵੇ, ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਕੋਆਪ੍ਰੇਟਿਵ ਸੁਸਾਇਟੀ ਵਿੱਚ ਦਲਿਤਾਂ ਨੂੰ ਮੈਂਬਰ ਬਣਾ ਕੇ ਸਸਤੇ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੀਲਿੰਗ ਐਕਟ ਤੋਂ ਉਪਰਲੀਆਂ ਜ਼ਮੀਨਾਂ ਬੇਜ਼ਮੀਨੇ ਲੋਕਾਂ ਵਿੱਚ ਵੰਡੀਆਂ ਜਾਣ। ਇਸ ਮੌਕੇ ਬੋਲੀ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਚਰਨ ਸਿੰਘ ਬਾਲਦ ਕਲਾਂ, ਪਾਲਾ ਸਿੰਘ, ਬਿੱਲੂ ਸਿੰਘ ਗੁਰਵਿੰਦਰ ਸਿੰਘ ਪਰਮਜੀਤ ਕੌਰ ਹਮੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਸ਼ਾਮਲ ਹੋਏ।
ਡੀਡੀਪੀਓ ਸੰਗਰੂਰ ਵਨੀਤ ਸ਼ਰਮਾ ਨੇ ਦੱਸਿਆ ਕਿ ਤੀਜੇ ਹਿੱਸੇ ਦੀ ਰਿਜ਼ਰਵ ਜ਼ਮੀਨ ਦੀ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਕਰਵਾਈ ਗਈ ਸੀ, ਪਰ ਦਲਿਤ ਵਰਗ ਦੇ ਸਹਿਮਤ ਨਾ ਹੋਣ ਕਾਰਨ ਮੁਲਤਵੀ ਕੀਤੀ ਗਈ ਹੈ।