ਬੀਰਬਲ ਰਿਸ਼ੀ
ਸ਼ੇਰਪੁਰ, 11 ਜੂਨ
ਪਿੰਡ ਹੇੜੀਕੇ ਵਿੱਚ ਰਾਖਵੇਂ ਕੋਟੇ ਦੀ ਬੋਲੀ ਪਿੰਡ ’ਚ ਪੇਦਾ ਹੋਏ ਤਣਾਅ ਦੇ ਮੱਦੇਨਜ਼ਰ ਅੱਜ ਚੌਥੀ ਵਾਰ ਰੱਦ ਹੋ ਗਈ, ਜਦਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਰੋਸ ਪ੍ਰਦਰਸ਼ਨ ਕਰਦਿਆਂ ਬੋਲੀ ਪਹਿਲੀ ਬੋਲੀ ਤੋਂ ਘਟਾ ਕੇ ਕਰਨ ਤੇ ਸਾਂਝੀ ਖੇਤੀ ਦਾ ਸੰਕਲਪ ਤੋੜਦਿਆਂ ਕਥਿਤ ਡੰਮੀ ਬੋਲੀ ਨਾ ਕਰਨ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣਾ ਰੋਸ ਪ੍ਰਗਟਾਇਆ।
ਜਾਣਕਾਰੀ ਅਨੁਸਾਰ ਰਾਖਵੇਂ ਕੋਟੇ ਦੀ ਬੋਲੀ ਦੌਰਾਨ ਦਲਿਤ ਪਰਿਵਾਰਾਂ ਦੇ ਦੋ ਧੜੇ ਬਣ ਜਾਣ ਕਾਰਨ ਇਸ ਪਿੰਡ ਦਾ ਮਾਹੌਲ ਬੋਲੀ ਵਾਲੇ ਦਿਨ ਤਣਾਅਪੂਰਨ ਬਣ ਜਾਂਦਾ ਹੈ, ਜਿਸ ਤਹਿਤ ਪਿਛਲੀ ਬੋਲੀ ਦੌਰਾਨ ਦੋਵੇ ਧੜਿਆਂ ਵਿੱਚ ਟਕਰਾਅ ਹੁੰਦਾ-ਹੁੰਦਾ ਟਲਿਆ ਸੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਾਕ ਆਗੂ ਜਸਵੰਤ ਸਿੰਘ ਖੇੜੀ ਤੇ ਸਿੰਦਰ ਕੌਰ ਹੇੜੀਕੇ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਇਕੱਠ ਕੀਤਾ ਹੋਇਆ ਸੀ ਤੇ ਸਾਂਝੀ ਖੇਤੀ ਲਈ ਬੋਲੀ ਦੇਣ ਆਏ ਸਨ, ਜਦਕਿ ਵੱਖਰੇ ਤੌਰ ਤੇ ਇੱਕ ਹੋਰ ਧੜਾ ਸਰਗਰਮ ਸੀ, ਪਰ ਪੁਲੀਸ ਕੋਲ ਨਫ਼ਰੀ ਘੱਟ ਹੋਣ ਕਾਰਨ ਇਹ ਬੋਲੀ ਵਿਭਾਗ ਨੂੰ ਰੱਦ ਕਰਨੀ ਪਈ। ਬੀਡੀਪੀਓ ਜੁਗਰਾਜ ਸਿੰਘ ਨੇ ਦੱਸਿਆ ਕਿ ਮਾਹੌਲ ਨੂੰ ਵੇਖਦੇ ਹੋਏ ਪੁਲੀਸ ਫੋਰਸ ਨਾਲ ਲੈ ਕੇ ਹੀ ਅਗਲੀ ਬੋਲੀ ਰੱਖੀ ਜਾਵੇਗੀ। ਉਂਜ ਉਨ੍ਹਾਂ ਸਪਸ਼ੱਟ ਕੀਤਾ ਬੋਲੀ ਵਿਭਾਗ ਦੇ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਹੋਵੇਗੀ।