ਕਰਮਬੀਰ ਸੈਣੀ
ਮੂਨਕ, 5 ਜੁਲਾਈ
ਪਿੰਡ ਸਲੇਮਗੜ੍ਹ ਵਿੱਚ ਐੱਸਸੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਅੱਜ ਐੱਸਸੀ ਧਰਮਸ਼ਾਲਾ ਵਿੱਚ ਚੌਥੀ ਵਾਰ ਰੱਦ ਕਰਵਾਈ ਗਈ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੋਪੀ ਗਿਰ ਕੱਲਰ ਭੈਣੀ ਨੇ ਖੇਤ ਮਜ਼ਦੂਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਵੇਂ ਲੰਘੀ ਸੱਤ ਅੱਠ ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਾਰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਕਰਨ ਸਬੰਧੀ ਮੀਟਿੰਗ ਕੀਤੀ ਸੀ। ਮੀਟਿੰਗ ਵਿੱਚ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀਆਂ ਪੈਂਡਿੰਗ ਬੋਲੀਆਂ ਨੂੰ ਜਲਦੀ ਕਰਾਉਣ ਦਾ ਭਰੋਸਾ ਦਿੱਤਾ ਸੀ ਪਰ ਮੂਨਕ ਦੇ ਬੀਡੀਪੀਓ, ਅਨਦਾਣਾ ਸਲੇਮਗੜ੍ਹ ਦੀ ਉਕਤ ਜ਼ਮੀਨ ਦੇ ਮਸਲੇ ਨੂੰ ਸਮੂਹ ਮਜ਼ਦੂਰਾਂ ਲਈ ਹੱਲ ਕਰਨ ਸਬੰਧੀ ਸੁਹਿਰਦ ਨਹੀਂ ਹਨ ਜਦੋਂ ਕਿ ਪੰਚਾਇਤ ਤੇ ਪੰਚਾਇਤ ਅਧਿਕਾਰੀ ਵਾਰ ਵਾਰ ਇਕੋ ਹੀ ਵਿਅਕਤੀ ਨੂੰ ਸਮੂਹ ਮਜ਼ਦੂਰਾਂ ਦੇ ਉਲਟ ਭੁਗਤਾ ਕੇ ਡੰਮੀ ਬੋਲੀ ਕਰਵਾ ਕੇ ਜ਼ਮੀਨ ਦੇ ਲਗਾਨ ਵਜੋਂ ਵੱਧ ਪੈਸੇ ਵਸੂਲਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੰਚਾਇਤ ਅਧਿਕਾਰੀਆਂ ਦੇ ਇਸ ਮਜ਼ਦੂਰ ਵਿਰੋਧੀ ਮਨਸ਼ੇ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਜਦੋਂ ਤੱਕ ਜ਼ਮੀਨ ਦਾ ਹੱਕ ਪ੍ਰਾਪਤ ਨਹੀਂ ਹੁੰਦਾ, ਸਮੂਹ ਮਜ਼ਦੂਰ ਸੰਘਰਸ਼ ਦੇ ਮੈਦਾਨ ’ਚ ਡਟੇ ਰਹਿਣਗੇ। ਇਸ ਮੌਕੇ ਪਰਮਜੀਤ ਕੌਰ, ਅੰਤੋਂ ਕੌਰ, ਸੁਖਜੀਤ ਕੌਰ, ਕਰਨੈਲ ਕੌਰ, ਜੋਧਾ ਸਿੰਘ ਤੇ ਗੇਜਾ ਸਿੰਘ ਆਦਿ ਹਾਜ਼ਰ ਸਨ