ਪੱਤਰ ਪ੍ਰੇਰਕ
ਲਹਿਰਾਗਾਗਾ, 3 ਜੁਲਾਈ
ਸੰਯੁਕਤ ਅਕਾਲੀ ਦਲ ਦੇ ਸਕੱਤਰ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਜਟ ਵਿੱਚ ਕੀਤੇ ਐਲਾਨ ਆਮ ਆਦਮੀ ਪਾਰਟੀ ਪੂਰੇ ਨਹੀਂ ਕਰ ਸਕਦੀ ਕਿਉਂਕਿ ਬਜਟ ਵਿੱਚ ਦਰਸਾਏ ਆਮਦਨ ਅਤੇ ਖਰਚੇ ਵਿੱਚ ਬਹੁਤ ਵੱਡਾ ਫਰਕ ਹੈ।
ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਆਮਦਨ ਵੀ ਵਧਾ ਕੇ ਦੱਸੀ ਹੈ, ਜੀਐੱਸਟੀ ਅਤੇ ਆਬਕਾਰੀ ਵੀ ਵਧਾ ਕੇ ਦੱਸੀ ਹੈ। ਇੱਥੋਂ ਤੱਕ ਕਿ ਜੋ ਕਰਜ਼ਾ ਵੀ ਲੈਣਾ ਹੈ ਉਹ ਵੀ ਵਧਾ ਕੇ ਦੱਸਿਆ ਹੈ। ਇਸ ਲਈ ਆਮਦਨ-ਖਰਚ ਵਿਚ 15 ਹਜ਼ਾਰ ਕਰੋੜ ਦਾ ਵੱਡਾ ਫਰਕ ਹੈ। ਇਹ ਅੰਕੜੇ ਗਲਤ ਪੇਸ਼ ਕੀਤੇ ਗਏ ਹਨ ਇਸ ਲਈ ਖ਼ਜ਼ਾਨਾ ਮੰਤਰੀ ਵੱਲੋਂ ਕੀਤੇ ਐਲਾਨ ਧਰੇ ਧਰਾਏ ਰਹਿ ਜਾਣਗੇ।
ਉਨ੍ਹਾਂ ਸ਼ਰਾਬ ਸਸਤੀ ਕਰਨ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਗਨੀਪੱਥ ਯੋਜਨਾ ਬਾਰੇ ਮੁੜ ਸੋਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਪਾਰਟੀ ਦੀ ਹਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ।