ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 20 ਮਈ
ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ ਝੂਠੇ ਲਾਰਿਆਂ ਤੋਂ ਸਿਵਾਏ ਦੇਸ਼ ਵਾਸੀਆਂ ਦੇ ਭਲੇ ਲਈ ਕੋਈ ਰੋਡ ਮੈਪ ਹੀ ਨਹੀਂ। ਸੁਖਪਾਲ ਖਹਿਰਾ ਅੱਜ ਸਥਾਨਕ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ’ਚ ਮੁੜ ਘਰ ਵਾਪਸੀ ਕਰਨ ਲਈ ਕਿਲਾ ਰਹਿਮਤਗੜ੍ਹ ਵਿਖੇ ਕੀਤੇ ਚੋਣ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਖਹਿਰਾ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਭਗਵੰਤ ਮਾਨ ਹੰਕਾਰ ਨਾਲ ਭਰੇ ਪਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਚੋਣ ਜਿੱਤੀਂ ਬੈਠੇ ਹਨ। ਲੋਕਤੰਤਰ ਵਿੱਚ ਜਨਤਾ ਮਾਈ-ਬਾਪ ਹੁੰਦੀ ਹੈ ਮੋਦੀ ਨੂੰ ਪਤਾ ਹੀ ਨਹੀਂ ਲੱਗਣਾ ਕਿ ਸੱਤਾ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਹਾਰ ਯਕੀਨੀ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਲੋਕ ਸਭਾ ਲਈ ਚਾਰ ਗੇੜਾਂ ’ਚ ਹੋਈ ਵੋਟਿੰਗ ਨੇ ਸੰਕੇਤ ਦੇ ਦਿੱਤੇ ਹਨ ਕਿ ਭਾਜਪਾ ਦੇਸ਼ ’ਚ ਲੋਕ ਸਭਾ ਚੋਣਾਂ ਹਾਰ ਰਹੀ ਹੈ ਤੇ ਇੰਡੀਆ ਗੱਠਜੋੜ ਜਿੱਤ ਰਿਹਾ ਹੈ। ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕੇਂਦਰ ’ਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਹਰ ਵਰਗ ਲਈ ਭਲਾਈ ਸਕੀਮਾਂ ਬਣਾਈਆਂ ਤੇ ਲਾਗੂ ਕੀਤੀਆਂ ਜਾਣਗੀਆਂ। ਇਕੱਠ ਨੂੰ ਪੰਜਾਬ ਕਾਂਗਰਸ ਦੀ ਸਕੱਤਰ ਨਿਸ਼ਾਂਤ ਅਖ਼ਤਰ, ਮਾਸਟਰ ਮੇਲਾ ਸਿੰਘ, ਅਨਵਰ ਮਹਿਬੂਬ ਆਦਿ ਨੇ ਵੀ ਸੰਬੋਧਨ ਕੀਤਾ।
ਸ਼ੇਰਪੁਰ (ਬੀਰਬਲ ਰਿਸ਼ੀ): ਸੁਖਪਾਲ ਸਿੰਘ ਖਹਿਰਾ ਨੇ ਅੱਜ ਬਲਾਕ ਸ਼ੇਰਪੁਰ ਦੇ ਪਿੰਡ ਸਲੇਮਪੁਰ, ਹੇੜੀਕੇ, ਕਾਲਾਬੂਲਾ, ਈਨਾਬਾਜਵਾ, ਖੇੜੀ ਚਹਿਲਾਂ, ਬੜੀ, ਟਿੱਬਾ, ਗੰਡੇਵਾਲ, ਪੰਜਗਰਾਈਆਂ ਅਤੇ ਬਧੇਸ਼ਾ ਪਿੰਡਾਂ ਵਿੱਚ ਕੀਤੀਆਂ ਗਈਆਂ ਭਰਵੀਂਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਮੁਹੰਮਦ ਇਸਮਾਈਲ ਕਿਸਾਨ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਨਿਯੁਕਤ
ਖਹਿਰਾ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ’ਚ ਮੁੜ ਘਰ ਵਾਪਸੀ ਕਰਨ ’ਤੇ ਕਾਮਰੇਡ ਮੁਹੰਮਦ ਇਸਮਾਈਲ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਦਾ ਨਿਯੁਕਤੀ ਪੱਤਰ ਸੌਂਪਿਆ। ਕਾਮਰੇਡ ਮੁਹੰਮਦ ਇਸਮਾਈਲ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।
ਖਹਿਰਾ ਦੇ ਪੁੱਤਰ ਵੱਲੋਂ ਚੋਣ ਪ੍ਰਚਾਰ
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਡਸਕਾ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਆਪਣੇ ਪਿਤਾ ਲਈ ਚੋਣ ਪ੍ਰਚਾਰ ਕੀਤਾ। ਇਸ ਮੌਕੇ ਇਕੱਤਰ ਲੋਕਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਡਟਣ ਦਾ ਭਰੋਸਾ ਦਿੱਤਾ।