ਮਹਿੰਦਰ ਕੌਰ ਮੰਨੂ
ਸੰਗਰੂਰ, 10 ਜਨਵਰੀ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਯੂਥ ਵਿੰਗ ਦੇ ਸਰਪ੍ਰਸਤ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨਾਲ 8ਵੇਂ ਗੇੜ ਦੇ ਗੱਲਬਾਤ ਬੇਸਿੱਟਾ ਰਹਿਣ ਉਪਰੰਤ ਕਿਸਾਨਾਂ ਅੰਦਰ ਅੰਦੋਲਨ ਪ੍ਰਤੀ ਜੋਸ਼ ਤੇ ਉਤਸ਼ਾਹ ਹੋਰ ਵਧਿਆ ਹੈ| ਕੇਂਦਰ ਸਰਕਾਰ ਨੂੰ ਇਹ ਭੁਲੇਖਾ ਮਨ ’ਚੋਂ ਕੱਢ ਦੇਣਾ ਚਾਹੀਦਾ ਹੈ ਕਿ ਮਾਮਲੇ ਨੂੰ ਲਮਕਾਉਣ ਨਾਲ ਜੋਸ਼ ਮੱਠਾ ਪੈ ਜਾਵੇਗਾ|
ਢੀਂਡਸਾ ਨੇ ਕਿਸਾਨ ਅੰਦੋਲਨ ਦੀ ਮਦਦ ਕਰਨ ਤੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਵਰਕਰਾਂ ਦੀ ਵਧੇਰੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ ਵੱਖ ਮੀਟਿੰਗਾਂ ਕੀਤੀਆਂ|ਸਾਬਕਾ ਵਿੱਤ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਤੇ ਬਾਦਲ ਦਲ ਦੇ ਆਗੂ ਕਿਸਾਨ ਘੋਲ਼ ਨੂੰ ਤਾਰਪੀਡੋ ਕਰਨ ਦੇ ਲਗਾਤਾਰ ਯਤਨ ਕਰ ਰਹੇ ਹਨ| ਉਨ੍ਹਾਂ ਕਿਹਾ ਜਿੱਥੇ ਭਾਜਪਾ ਦੇ ਆਗੂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ’ਤੇ ਤੁਲੇ ਹੋਏ ਹਨ ਉਥੇ ਸੁਖਬੀਰ ਸਿੰਘ ਬਾਦਲ ਨੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਿਆਸੀ ਧਿਰਾਂ ਨਾਲ ਜੋੜ ਕੇ ਸੰਘਰਸ਼ ਨੂੰ ਢਾਹ ਲਾਉਣ ਦੇ ਯਤਨ ਕੀਤੇ| ਇਸ ਮੌਕੇ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਸਤਗੁਰ ਸਿੰਘ ਨਮੋਲ, ਅਜੀਤ ਸਿੰਘ ਚੰਦੂਰਾਈਆਂ, ਮੁਹੰਮਦ ਤੁਫੈਲ ਆਦਿ ਮੌਜੂਦ ਸਨ|