ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੂਨ
‘ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰਾਂ ’ਚੋਂ ਪਾਰਟੀ ਪ੍ਰਧਾਨ ਅਤੇ ਬਾਦਲ ਪਰਿਵਾਰ ਦੀਆਂ ਫੋਟੋਆਂ ਦੇ ਗਾਇਬ ਹੋਣ ਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਇਹ ਮੰਨ ਲਿਆ ਹੈ ਕਿ ਬਾਦਲਕਿਆਂ ਦੀਆਂ ਫੋਟੋਆਂ ਲਗਾ ਕੇ ਹੁਣ ਵੋਟਾਂ ਨਹੀਂ ਮਿਲਣੀਆਂ।’ ਇਹ ਗੱਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਇਥੇ ਪਾਰਟੀ ਉਮੀਦਵਾਰ ਦੇ ਚੋਣ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਿੰਦੋਸਤਾਨ ਦੇ ਇਤਿਹਾਸ ਵਿਚ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਿਸ ਪਾਰਟੀ ਦੇ ਉਮੀਦਵਾਰ ਦਾ ਪੋਸਟਰ ਹੋਵੇ ਪਰ ਉਸ ਪੋਸਟਰ ਵਿੱਚ ਪਾਰਟੀ ਪ੍ਰਧਾਨ ਦੀ ਫੋਟੋ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਪੋਸਟਰਾਂ ’ਚ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਲਗਾਈਆਂ ਹੁੰਦੀਆਂ ਸਨ ਪਰ ਮੌਜੂਦਾ ਚੋਣ ’ਚ ਪਹਿਲਾ ਅਜਿਹਾ ਪੋਸਟਰ ਹੈ ਜਿਸ ਵਿਚੋਂ ਸਮੁੱਚਾ ਬਾਦਲ ਪਰਿਵਾਰ ਹੀ ਗਾਇਬ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਅਜਿਹਾ ਕਰਕੇ ਸ੍ਰੋਮਣੀ ਅਕਾਲੀ ਦਲ ਨੇ ਇਹ ਖੁਦ ਮੰਨ ਲਿਆ ਹੈ ਕਿ ਬਾਦਲਕਿਆਂ ਦੀਆਂ ਫੋਟੋਆਂ ਲਗਾ ਕੇ ਹੁਣ ਵੋਟਾਂ ਨਹੀਂ ਮਿਲਣੀਆਂ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿਚ ਭਾਜਪਾ ਇਤਿਹਾਸ ਰਚੇਗੀ ਅਤੇ ‘ਆਪ’ ਦੇ ਪਤਨ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਸੂਬਾ ਪ੍ਰੈਸ ਸਕੱਤਰ ਸੁਨੀਲ ਸਿੰਗਲਾ, ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ, ਵਿਕਰਮ ਸਿੰਘ ਪਾਲੀ, ਸੁਰਿੰਦਰ ਕੁਮਾਰ ਕਾਂਝਲਾ ਆਦਿ ਮੌਜੂਦ ਸਨ।