ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਸਤੰਬਰ
ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਪੈਟਰੋਲ ਪੰਪ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਲਗਾਤਾਰ ਚੱਲ ਰਹੇ ਕਿਸਾਨੀ ਮੋਰਚੇ ਦੇ 339ਵੇਂ ਦਿਨ ਮੋਰਚੇ ਵਿਚ ਜੁੜੇ ਸੰਘਰਸ਼ਸ਼ੀਲ ਲੋਕਾਂ ਨੂੰ ਸੰਬੋਧਨ ਕੀਤਾ ਕਿ ਦੇਸ਼ ਅੰਦਰ ਅੱਜ ਲੜਾਈ ਕਿਸੇ ਧਰਮ, ਜਾਤ ਜਾਂ ਨਸਲ ਦੀ ਨਹੀਂ ਹੈ ਸਗੋਂ ਹੱਕ ਮਾਰਨ ਵਾਲੀ ਅਤੇ ਹੱਕ ਬਚਾਉਣ ਲਈ ਲੜਨ ਵਾਲੀਆਂ ਦੋ ਧਿਰਾਂ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤੁਸੀਂ ਆਮ ਲੋਕ ਹੋ ਜਿਹੜੇ ਸਦੀਆਂ ਤੋਂ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਆ ਰਹੇ ਹੋ। ਦੁੂਜੇ ਪਾਸੇ ਸਾਡੇ ਦੇਸ਼ ਦੇ ਚੌਕੀਦਾਰ ਦੇ ਨਕਾਬ ਹੇਠ ਛੁਪਿਆ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਦਾ ਮੰਤਰੀ ਮੰਡਲ। ਜਿਹੜਾ ਸਾਡੀਆਂ ਜ਼ਮੀਨਾਂ ਅਤੇ ਰੋਜ਼ੀ ਰੋਟੀ ਖੋਹ ਕੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ। ਉਨ੍ਹਾਂ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਕੇਂਦਰੀ ਸਰਕਾਰ ਅਤੇ ਭਾਜਪਾ ਦਾ ਅੰਤ ਨੇੜੇ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਮੁਜ਼ੱਫਰਨਗਰ ਦੀ ਕਿਸਾਨ-ਮਜ਼ਦੂਰ ਮਹਾ ਰੈਲੀ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕਿ ਜੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ 2024 ਤੱਕ ਕਿਸਾਨਾਂ-ਮਜ਼ਦੂਰਾਂ ਦਾ ਏਕਾ ਭਾਜਪਾ ਦੀਆਂ ਜੜ੍ਹਾਂ ਹਿਲਾ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜ ਰਾਜਾਂ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਪਿੰਡਾਂ ਵਿਚ ਜਾਣਾ ਦੁੱਭਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ’ਤੇ 25 ਸਤੰਬਰ ਨੂੰ ਮੁਕੰਮਲ ਤੌਰ ’ਤੇ ਭਾਰਤ ਬੰਦ ਕੀਤਾ ਜਾਵੇਗਾ। ਇਸ ਧਰਨੇ ਨੂੰ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਬਿੰਦਰ ਸਿੰਘ ਖੋਖਰ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਰਾਮਚੰਦ ਸਿੰਘ ਚੋਟੀਆਂ, ਜਗਦੀਪ ਸਿੰਘ ਲਹਿਲ ਖੁਰਦ, ਸ਼ਿਵਰਾਜ ਸਿੰਘ ਗੁਰਨੇ ਕਲਾਂ,ਪ੍ਰੀਤਮ ਸਿੰਘ ਲਹਿਲ ਖੁਰਦ, ਜਸ਼ਨਦੀਪ ਕੋਰ ਪਸ਼ੌਰ, ਰਘਬੀਰ ਕੌਰ, ਕਰਮਜੀਤ ਕੌਰ ਭੁਟਾਲ ਕਲਾ ਆਦਿ ਨੇ ਸੰਬੋਧਨ ਕੀਤਾ।
ਲੱਡਾ ਟੌਲ ਪਲਾਜ਼ਾ ’ਤੇ ਧਰਨਾ 339 ਦਿਨ ਵੀ ਜਾਰੀ
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਟੌਲ ਪਲਾਜ਼ਾ ਕੋਲ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਧਰਨਾ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ ਦੀ ਅਗਵਾਈ ਵਿੱਚ 339 ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕੇਂਦਰ ਸਰਕਾਰ ਜਿੰਨਾ ਚਿਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੰਦੀ ਇਹ ਸੰਘਰਸ਼ ਦਿਨੋ ਦਿਨ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁਖਜੀਤ ਸਿੰਘ ਲੱਡਾ, ਖੁਸ਼ਵੰਤ ਸਿੰਘ, ਜਸਪਾਲ ਸਿੰਘ ਪੇਧਨੀ, ਹਰਬੰਸ ਸਿੰਘ ਪੇਧਨੀ, ਹਰਬੰਸ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
ਮੋਦੀ ਸਰਕਾਰ ਦੇ ਕੱਫਣ ’ਚ ਆਖਰੀ ਕਿੱਲ ਸਾਬਤ ਹੋਵੇਗਾ ਕਿਸਾਨ ਅੰਦੋਲਨ: ਸੈਫ਼ਦੀਪੁਰ
ਪਟਿਆਲਾ (ਖੇਤਰੀ ਪ੍ਰਤੀਨਿਧ): ਖੇਤੀ ਵਿਰੋਧੀ ਕਾਨੂੰਨਾਂ ਨੂੰ ਸਮੁੱਚੇ ਦੇਸ਼ ਲਈ ਘਾਤਕ ਦੱਸਦਿਆਂ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਸੈਫਦੀਪੁਰ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾਂ ਦਾ ਇਹ ਮਾਮਲਾ ਮੋਦੀ ਸਰਕਾਰ ਦੇ ਕੱਫਣ ’ਚ ਆਖਰੀ ਕਿੱਲ ਸਾਬਤ ਹੋਵੇਗਾ ਕਿਉਂਕਿ ਇਹ ਹੁਣ ਨਾ ਸਿਰਫ਼ ਕਿਸਾਨਾਂ ਬਲਕਿ ਸਮੁੱਚੇ ਵਰਗਾਂ ਦਾ ਮਾਮਲਾ ਹੋ ਨਬਿੜਿਆ ਹੈ ਜਿਸ ਦੇ ਖਿਲਾਫ਼ ਸਮੁੱਚੇ ਦੇਸ਼ ਦੇ ਲੋਕ ਉਠ ਖਲੋਤੇ ਹਨ। ਇਸ ਕਰਕੇ ਚੰਗਾ ਹੋਵੇਗਾ ਕਿ ਜੇਕਰ ਮੋਦੀ ਆਪਣਾ ਹੰਕਾਰ ਤਿਆਗਦਿਆਂ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਕੇ ਆਪਣੀ ਗਲਤੀ ’ਚ ਸੁਧਾਰ ਕਰ ਲਵੇ। ਵਰਨਾ ਲੋਕਾਂ ਨੇ ਭਾਜਪਾ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਬੰਦ ਕਰ ਦੇਣਾ ਹੈ।
ਮੁਜ਼ੱਫ਼ਰਨਗਰ ਰਵਾਨਾ ਹੋਏ ਜਥਿਆਂ ਵਿੱਚ ਮੋਦੀ ਸਰਕਾਰ ਪ੍ਰਤੀ ਗੁੱਸਾ
ਪਟਿਆਲਾ (ਖੇਤਰੀ ਪ੍ਰਤੀਨਿਧ): ਮੁਯੱਫਰਨਗਰ ਵਿਖੇ ਹੋਣ ਵਾਲੀ ਕਿਸਾਨਾ ਦੀ ਮਹਾ ਰੈਲੀ ਚ ਸ਼ਾਮਲ ਹੋਣ ਲਈ ਨੇੜਲੇ ਪਿੰਡ ਜਰੀਕਪੁਰ ਤੋਂ ਕਿਸਾਨਾਂ ਦਾ ਇੱਕ ਜਥਾ ਅੱਜ ਸਵੱਖਤੇ ਹੀ ਇਥੋਂ ਰਵਾਨਾ ਹੋਇਆ ਜਿਸ ਵਿੱਚ ਕਿਸਾਨ ਯੂਨੀਅਨ ਉਗਰਾਹਾਂ ਦੇ ਅਗੂ ਜਸਦੇਵ ਸਿੰਘ ਨੂਗੀ’ ਨਛੱਤਰ ਸਿੰਘ, ਸਤਵਿੰਦਰ ਸਿੰਘ, ਕਲਵੀਰ ਸਿੰਘ, ਕਮਾਲ ਸਿੰਘ, ਗੋਵਿੰਦਰ ਸਿੰਘ, ਰਾਜਿੰਦਰ ਸਿੰਘ, ਸਪਿਦਰ ਸਿੰਘ, ਮਹਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਸ਼ਾਮਲ ਹਨ। ਜਸਦੇਵ ਸਿੰਘ ਨੂਗੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਧਰਨੇ ‘ਚ ਸ਼ਾਮਲ ਹੋਣ ਲਈ ਪਿੰਡ ਵਿਚੋਂ ਹਰ ਹਫਤੇ ਇੱਕ ਜਥਾ ਦਿੱਲੀ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਮਾਮਲੇ ‘ਤੇ ਮੋਦੀ ਸਰਕਾਰ ਵੱਲੋਂ ਅਪਣਾਏ ਜਾ ਰਹੇ ਅੱਖੜ ਰਵੱਈਏ ਦੀ ਇਸ ਕਿਸਾਨ ਜਥੇ ਨੇ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਦਿੱਲੀ ਤੋਂ ਕਿਸਾਨ ਮੋਰਚਾ ਫਤਿਹ ਕਰਕੇ ਹੀ ਵਾਪਸ ਪਰਤਣਗੇ। ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਅੱਜ ਤੜਕੇ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਦੇ ਕਈ ਹੋਰ ਜਥੇ ਵੀ ਰਵਾਨਾ ਹੋਏ।