ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਜਨਵਰੀ
ਭਾਜਪਾ ਨੇ ਸੰਗਰੂਰ ਵਿੱਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਤੇ ਹਲਕਾ ਮਾਲੇਰਕੋਟਲਾ ਤੋਂ ਵਿਧਾਇਕ ਰਜ਼ੀਆ ਸੁਲਤਾਨਾ ਦੇ ਬਤੌਰ ਮੁੱਖ ਮਹਿਮਾਨ ਕੌਮੀ ਝੰਡਾ ਲਹਿਰਾਉਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ।
ਉਨ੍ਹਾਂ ਮੁੱਖ ਸਕੱਤਰ ਤੋਂ ਮੰਗ ਕੀਤੀ ਕਿ ਰਜ਼ੀਆ ਸੁਲਤਾਨਾ ਦੇ ਮੁੱਖ ਮਹਿਮਾਨ ਵਜੋਂ ਕੌਮੀ ਝੰੰਡਾ ਲਹਿਰਾਉਣ ਦਾ ਸਰਕਾਰੀ ਪੱਧਰ ’ਤੇ ਉਲੀਕਿਆ ਪ੍ਰੋਗਰਾਮ ਤੁਰੰਤ ਰੱਦ ਕੀਤਾ ਜਾਵੇ। ਭਾਜਪਾ ਦੇ ਜ਼ਿਲ੍ਹਾ ਵਫ਼ਦ ਵੱਲੋਂ ਮੁੱਖ ਸਕੱਤਰ ਪੰਜਾਬ ਦੇ ਨਾਂ ਮੰਗ ਪੱਤਰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪਿਆ ਗਿਆ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਸਕੱਤਰ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਣ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਕਿਹਾ ਕਿ ਕੈਬਨਿਟ ਮੰਤਰੀ ਤੇ ਮਾਲੇਰਕੋਟਲਾ ਤੋਂ ਵਿਧਾਇਕ ਰਜ਼ੀਆ ਸੁਲਤਾਨਾ ਦੇ ਪਤੀ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਮਾਲੇਰਕੋਟਲਾ ਵਿੱਚ ਮਾਹੌਲ ਖਰਾਬ ਕਰਨ ਅਤੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਖਤਮ ਕਰਨ ਸਬੰਧੀ ਗਲਤ ਬਿਆਨਬਾਜ਼ੀ ਕੀਤੀ ਜਿਸ ਕਾਰਨ ਸਮਾਜ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਰਜ਼ੀਆ ਸੁਲਤਾਨਾ ਨੇ ਇਸ ਮਾਮਲੇ ’ਤੇ ਚੁੱਪ ਵੱਟ ਰੱਖੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਆਪਣੇ ਪਤੀ ਦੀ ਅਜਿਹੀ ਬਿਆਨਬਾਜ਼ੀ ਨਾਲ ਸਹਿਮਤ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਰਾਹੀਂ ਮੰਗ ਪੱਤਰ ਭੇਜ ਕੇ ਬੇਨਤੀ ਕੀਤੀ ਹੈ ਕਿ ਪੰਜਾਬ ਅਤੇ ਸੰਗਰੂਰ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਅਤੇ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਕੌਮੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਤੁਰੰਤ ਰੱਦ ਕੀਤਾ ਜਾਵੇ।
ਉਧਰ ਪਤਾ ਲੱਗਿਆ ਹੈ ਕਿ ਭਲਕੇ 26 ਜਨਵਰੀ ਨੂੰ ਸਥਾਨਕ ਪੁਲੀਸ ਲਾਈਨ ਸਟੇਡੀਅਮ ਵਿੱਚ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰਾਮਵੀਰ ਬਤੌਰ ਮੁੱਖ ਮਹਿਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਕਥਿਤ ਤੌਰ ’ਤੇ ਸਿਹਤ ਖਰਾਬ ਹੋਣ ਕਾਰਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਨਹੀਂ ਪੁੱਜ ਰਹੇ।