ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਾਰਚ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਅੱਜ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਖ਼ਿਲਾਫ਼ ਅੱਜ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਇਸ ਮਗਰੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੰਦਿਆਂ ਕੇਂਦਰ ਦੀ ਮੋਦੀ ਹਕੂਮਤ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਸ ਦੌਰਾਨ ਜਥੇਬੰਦੀ ਵਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੰਗ ਪੱਤਰ ਸੌਂਪਿਆ ਗਿਆ।
ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਅੱਜ ਹਜ਼ਾਰਾਂ ਕਿਸਾਨ ਅਨਾਜ ਮੰਡੀ ਵਿੱਚ ਇਕੱਠੇ ਹੋਏ ਜਿਥੇ ਰੈਲੀ ਕੀਤੀ ਗਈ। ਇਸ ਮਗਰੋਂ ਸ਼ਹਿਰ ਵਿੱਚ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੁੱਜ ਕੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਨਿੱਜੀਕਰਨ ਨੂੰ ਪ੍ਰਫੁੱਲਿਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸੇ ਤਹਿਤ ਬੀਬੀਐੱਮਬੀ ਨੂੰ ਭਾਜਪਾ ਹਕੂਮਤ ਵੇਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਨਾਲ ਇਸ ਪ੍ਰਾਜੈਕਟ ਉੱਤੇ ਕੇਂਦਰ ਦਾ ਮੁਕੰਮਲ ਕੰਟਰੋਲ ਕਰ ਕੇ ਇਸ ਨੂੰ ਕੌਡੀਆਂ ਦੇ ਭਾਅ ਭਾਜਪਾ/ਮੋਦੀ ਦੀ ਚਹੇਤੀ ਸਾਮਰਾਜੀ ਕੰਪਨੀ ਦੇ ਹਵਾਲੇ ਕਰਨਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਹਰਿਆਣਾ ਦੇ ਜੁਝਾਰੂ ਲੋਕਾਂ ਵੱਲੋਂ ਸਰਕਾਰ ਦੀ ਇਸ ਫਾਸ਼ੀਵਾਦੀ ਸਕੀਮ ਨੂੰ ਸੰਘਰਸ਼ਾਂ ਦੀ ਜਨਤਕ ਤਾਕਤ ਦੇ ਪੈਰਾਂ ਥੱਲੇ ਰੋਲ਼ ਦਿੱਤਾ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਰਾਜ ਪਾਵਰਕੌਮ ਵੱਲੋਂ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਅਤੇ ਖੇਤੀ ਮੋਟਰਾਂ ਉੱਤੇ ਨਿੱਜੀ ਟ੍ਰਾਂਸਫਾਰਮਰ ਲਾਉਣ ਦੇ ਫ਼ੈਸਲੇ ਵੀ ਬਿਜਲੀ ਦੇ ਨਿੱਜੀਕਰਨ ਵੱਲ ਵੱਡੇ ਕਦਮ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਅਜਿਹੀ ਪੱਖਪਾਤੀ ਧੱਕੇਸ਼ਾਹੀ ਦੇ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ-ਹਰਿਆਣਾ ਦਾ ਕੰਟਰੋਲ ਕਾਇਮ ਰੱਖਣ ਲਈ ਬੀਬੀਐੱਮਬੀ ਵਿੱਚ ਬਿਜਲੀ ਤੇ ਸਿੰਜਾਈ ਦੇ ਪੱਕੇ ਮੈਂਬਰ ਪੰਜਾਬ ਹਰਿਆਣੇ ਵਿੱਚੋਂ ਹੀ ਨਿਯੁਕਤ ਕੀਤੇ ਜਾਣ।
ਇਸ ਮੌਕੇ ਸੂਬਾ ਆਗੂ ਜਨਕ ਸਿੰਘ ਭੂਟਾਲ, ਜਗਤਾਰ ਸਿੰਘ ਕਾਲਾਝਾੜ, ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਬਹਾਦਰ ਸਿੰਘ ਭੂਟਾਲ, ਜਸਵੰਤ ਸਿੰਘ ਤੋਲਾਵਾਲ, ਹਰਬੰਸ ਸਿੰਘ ਲੱਡਾ, ਗੋਬਿੰਦਰ ਸਿੰਘ ਮੰਗਵਾਲ, ਕਿਰਪਾਲ ਸਿੰਘ ਧੂਰੀ, ਅਜੈਬ ਸਿੰਘ ਲੱਖੇਵਾਲ, ਮਲਜੀਤ ਸਿੰਘ ਘਰਾਚੋਂ, ਧਰਮਿੰਦਰ ਪਿਸ਼ੌਰ, ਕੁਲਵਿੰਦਰ ਭੂਦਨ, ਸ਼ੇਰ ਸਿੰਘ ਮਹੋਲੀ, ਨਿਰਮਲ ਸਿੰਘ ਅਲੀਪੁਰ ਆਦਿ ਨੇ ਵੀ ਸੰਬੋਧਨ ਕੀਤਾ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਕੇਂਦਰ ਸਰਕਾਰ ਵੱਲੋਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਨਿਖੇਧੀ ਕੀਤੀ। ਇਸ ਤਹਿਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਇੱਥੇ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਜਨਰਲ ਸਕੱਤਰ ਜਸਵੰਤ ਸਿੰਘ ਸਦਰਪੁਰ, ਸੁਖਵਿੰਦਰ ਸਿੰਘ ਬਾਰਨ, ਕਰਨੈਲ ਸਿੰਘ ਲੰਗ, ਜਸਦੇਵ ਸਿੰਘ ਨੂਗੀ, ਪੰਮਾ ਪਨੌਦੀਆਂ, ਕਰਮਾਂ ਪਨੌਦੀਆਂ, ਗੁਰਦੇਵ ਗੱਜੂਮਾਜਰਾ, ਜਸਵਿੰਦਰ ਬਿਸ਼ਨਪੁਰਾ, ਹਰਪ੍ਰੀਤ ਦੌਣ ਤੇ ਅਮਰੀਕ ਘੱਗਾ ਆਦਿ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਆਖਿਆ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ, ਤਾਂ ਖੇਤੀ ਵਿਰੋਧੀ ਕਾਨੂੰਨਾਂ ਦੀ ਤਰਜ਼ ’ਤੇ ਹੀ ਕਿਸਾਨਾਂ ਵੱਲੋਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮਨਜੀਤ ਨਿਆਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ’ਤੇ ਛਾਪਾ ਮਾਰਨ ਦੀ ਅਜਿਹੀ ਕਾਰਵਾਈ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਲਈ ਸਮੁੱਚੀ ਲੋਕਾਈ ਦਾ ਇਕਜੁੱਟ ਹੋਣਾ ਹੁਣ ਲਾਜ਼ਮੀ ਹੋ ਗਿਆ ਹੈ। ਇਸ ਮਗਰੋਂ ਨਿਆਲ਼ ਦੀ ਅਗਵਾਈ ਹੇਠ ਕਿਸਾਨਾਂ ਨੇ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ।