ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜੁਲਾਈ
ਸ਼ਹਿਰ ਦੇ ਵਿਕਾਸ ਲਈ ਪ੍ਰਾਪਤ ਹੋਏ 9 ਕਰੋੜ ਰੁਪਏ ਦੇ ਫੰਡ ਨਗਰ ਕੌਂਸਲ ਵਿੱਚੋਂ ਟਰਾਂਸਫਰ ਕਰਕੇ ਨਗਰ ਸੁਧਾਰ ਟਰੱਸਟ ਨੂੰ ਦੇਣ ਤੇ ਨਗਰ ਸੁਧਾਰ ਟਰੱਸਟ ਨੂੰ ਟੈਂਡਰ ਲਗਾਉਣ ਦਾ ਅਧਿਕਾਰ ਦੇਣ ਦੇ ਲਏ ਗਏ ਫੈਸਲੇ ਤੋਂ ਖਫ਼ਾ ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਨਗਰ ਕੌਂਸਲ ਦਫਤਰ ਦੇ ਮੁੱਖ ਗੇਟ ਨੂੰ ਜਿੰਦਰਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਸੁਧਾਰ ਟਰੱਸਟ ’ਚ ਨਿਯੁਕਤ ਕੀਤੀ ਬਾਡੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਹੈ ਜਿਥੇ ਫੰਡਾਂ ਦੀ ਸਹੀ ਤਰੀਕੇ ਨਾਲ ਵਰਤੋਂ ਨਾ ਹੋਣ ਦਾ ਖਦਸ਼ਾ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਵੇਖਿਆ ਹੈ ਕਿ ਨਗਰ ਕੌਂਸਲ ਦੇ ਕੰਮ ਖੋਹ ਕੇ ਨਗਰ ਸੁਧਾਰ ਟਰੱਸਟ ਨੂੰ ਸੌਂਪੇ ਹੋਣ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਸ਼ਹਿਰ ਦੇ ਵਿਕਾਸ ਕਾਰਜ ਨਗਰ ਕੌਂਸਲ ਰਾਹੀਂ ਹੀ ਕਰਵਾਏ ਜਾਣ ਕਿਉਂਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਭੇਜੇ ਗਏ ਸਨ। ਇਥੇ ਨਗਰ ਕੌਂਸਲ ਦਫ਼ਤਰ ਦੇ ਮੁੱਖ ਗੇਟ ਨੂੰ ਜਿੰਦਰਾ ਲਗਾਉਣ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਸਰਕਾਰ ਵੱਲੋਂ ਯੂਆਈਈਪੀ ਤਹਿਤ 9 ਕਰੋੜ ਰੁਪਏ ਦੇ ਫੰਡ ਨਗਰ ਕੌਂਸਲ ਨੂੰ ਸ਼ਹਿਰ ਦੀਆਂ ਸੜਕਾਂ, ਗਲੀਆਂ, ਨਾਲੀਆਂ ਲਈ ਪ੍ਰਾਪਤ ਹੋਏ ਹਨ। ਨਗਰ ਕੌਂਸਲ ਵਲੋਂ ਹੀ ਵੱਖ-ਵੱਖ ਵਾਰਡਾਂ ਦੇ ਕੰਮਾਂ ਦੇ ਐਸਟੀਮੇਟ ਤਿਆਰ ਕੀਤੇ ਸਨ ਜੋ ਕਿ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵੱਲੋਂ ਵੈਟ ਵੀ ਕਰਵਾ ਲਏ ਹਨ ਪਰ ਹੁਣ 7 ਜੁਲਾਈ 2020 ਨੂੰ ਇੱਕ ਪਾਏ ਇੱਕ ਮਤੇ ’ਚ ਕਿਹਾ ਹੈ ਕਿ ਇਨ੍ਹਾਂ ਕੰਮਾਂ ਦੇ ਟੈਂਡਰ 31 ਜੁਲਾਈ 2020 ਤੱਕ ਲਗਾਉਣੇ ਜ਼ਰੂਰੀ ਹੈ ਪਰ ਨਗਰ ਕੌਂਸਲ ਵਿਚ ਮੌਜੂਦਾ ਸਮੇਂ ਏ.ਐਮ.ਈ. ਪੱਕੇ ਤੌਰ ’ਤੇ ਤਾਇਨਾਤ ਨਹੀਂ ਹੈ ਤੇ ਜੇ.ਈ. ਸਿਵਲ ਦੀ ਤਬੀਅਤ ਵੀ ਖਰਾਬ ਹੈ। ਸ੍ਰੀ ਦਿਉਲ ਨੇ ਕਿਹਾ ਜੇ ਨਗਰ ਕੌਂਸਲ ’ਚ ਏ.ਐਮ.ਈ. ਅਤੇ ਜੇਈ. ਨਹੀਂ ਤਾਂ 9 ਕਰੋੜ ਰੁਪਏ ਦੇ ਐਸਟੀਮੇਟ ਕਿਵੇਂ ਤਿਆਰ ਹੋ ਗਏ ਤੇ ਕਿਵੇਂ ਇਨ੍ਹਾਂ ਕੰਮਾਂ ਨੂੰ ਸਰਕਾਰ ਤੋਂ ਵੈਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਨ ਉਠਦਾ ਹੈ ਕਿ ਜਿਸ ਦਬਾਅ ਹੇਠ ਜਾਂ ਇਹ ਆਖ਼ ਕੇ ਨਗਰ ਕੌਂਸਲ ਪਾਸ ਸ਼ਹਿਰ ਦੇ ਕੰਮ ਕਰਾਉਣ ਲਈ ਕੋਈ ਕਰਮਚਾਰੀ ਨਹੀਂ ਹੈ, ਕਰੋੜਾਂ ਰੁਪਏ ਦੇ ਫੰਡ ਨਗਰ ਸੁਧਾਰ ਟਰੱਸਟ ਨੂੰ ਟਰਾਂਸਫਰ ਕਰਨ ਦੇ ਫੈਸਲੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।