ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਕਤੂਬਰ
ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਰੋਸ ਧਰਨਿਆਂ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਅਤੇ ਭਾਜਪਾ ’ਤੇ ਦੇਸ਼ ਵਿੱਚ ਨਫਰਤ ਦੀ ਰਾਜਨੀਤੀ ਕਰਨ, ਹਿੰਸਾ ਲਈ ਉਕਸਾਉਣ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਨਾਸ਼ਾਹੀ ਰੂਪ ਅਖਤਿਆਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਬੇਕਸੂਰ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲ ਕੇ ਸ਼ਹੀਦ ਕਰਨ ਦੀ ਵਾਪਰੀ ਘਟਨਾ ਨੇ ਭਾਜਪਾ ਦਾ ਫਾਸ਼ੀਵਾਦੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਜੋ ਭਾਜਪਾ ਦੇ ਸਿਆਸੀ ਪਤਨ ਦਾ ਕਾਰਨ ਬਣੇਗੀ। ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਥੇ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਪੱਕੇ ਰੋਸ ਧਰਨੇ ਜਾਰੀ ਹਨ ਜਦੋਂਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਇਥੇ ਰੇਲਵੇ ਸਟੇਸ਼ਨ ਨੇੜੇ ਰੋਸ ਧਰਨੇ ’ਤੇ ਕਿਸਾਨ ਡਟੇ ਹੋਏ ਹਨ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਸਰੂਪ ਚੰਦ ਕਿਲਾਭਰੀਆਂ, ਲਾਭ ਸਿੰਘ ਖੁਰਾਣਾ, ਕਰਮਜੀਤ ਮੰਗਵਾਲ, ਗੁਰਦੀਪ ਕੰਮੋਮਾਜਰਾ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਸਟੇਸ਼ਨ ਨੇੜੇ ਧਰਨੇ ਨੂੰ ਕਿਸਾਨ ਆਗੂ ਰੋਹੀ ਸਿੰਘ ਮੰਗਵਾਲ, ਮਹਿੰਦਰ ਸਿੰਘ ਭੱਠਲ, ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲ, ਲੱਖਮੀ ਚੰਦ, ਨਿਰਭੈ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਦੀ ਚੜ੍ਹਤ ਤੋਂ ਬੁਖਲਾਹਟ ਵਿੱਚ ਆਈ ਭਾਜਪਾ ਦੇੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਅਤੇ ਭਾਜਪਾ ਆਗੂ ਆਪਣੇ ਵਰਕਰਾਂ ਨੂੰ ਹਿੰਸਾ ਲਈ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਨਫਰਤ ਫੈਲਾਉਣ ਵਾਲੀਆਂ ਵਿਵਾਦਿਤ ਟਿੱਪਣੀਆਂ ਅਤਿ ਨਿੰਦਣਯੋਗ ਹਨ। ਇਨ੍ਹਾਂ ਟਿੱਪਣੀਆਂ ਨੇ ਭਾਜਪਾ ਆਗੂਆਂ ਦਾ ਫਾਸ਼ੀਵਾਦੀ ਚਿਹਰਾ ਬੇਨਕਾਬ ਕਰ ਦਿੱਤਾ ਹੈ ਤੇ ਇੱਕ ਜ਼ਿੰਮੇਵਾਰ ਅਹੁਦੇ ’ਤੇ ਹੁੰਦਿਆਂ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਡੁੱਲ੍ਹਿਆਂ ਖੂਨ ਅਜਾਈਂ ਨਹੀਂ ਜਾਵੇਗਾ ਜੋ ਭਾਜਪਾ ਦੇ ਸਿਆਸੀ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਮੰਗ ਕੀਤੀ ਕਿ ਲਖੀਮਪੁਰ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਸਦੇ ਪੁੱਤਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਅੱਜ 370 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕਿਸਾਨ ਖ਼ਿਲਾਫ਼ ਡੰਡੇ ਵਾਲੀ ਫੌਜ ਖੜ੍ਹੀ ਕਰਨ ਦੀ ਸਖ਼ਤ ਆਲੋਚਨਾ ਕੀਤੀ ਗਈ। ਜਥੇਬੰਦੀ ਵੱਲੋਂ ਪਿੰਡ ਇਕਾਈਆਂ ਦੇ ਪ੍ਰਧਾਨਾਂ ਨੂੰ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਨਰਮੇ ਦੇ ਰਕਬੇ ਦਾ ਵੇਰਵਾ ਲੈਣ ਲਈ ਮਤਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਨਰਮੇ ਦੀ ਬਰਬਾਦ ਹੋਈ ਫ਼ਸਲ ਮੁਤਾਬਕ 60 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਸਰਕਾਰ ਅੱਗੇ ਰੱਖੀ ਗਈ ਹੈ। ਇਸ ਮੌਕੇ ਬਹਾਦਰ ਸਿੰਘ ਭੁਟਾਲ ਖੁਰਦ, ਦਰਸ਼ਨ ਸਿੰਘ ਚੰਗਾਲੀਵਾਲਾ, ਲੀਲਾ ਸਿੰਘ ਚੋਟੀਆਂ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ, ਜਸ਼ਨਦੀਪ ਕੌਰ ਪਿਸ਼ੌਰ, ਜਸਵਿੰਦਰ ਕੌਰ ਗਾਗਾ ਨੇ ਸਰਕਾਰ ਨੂੰ ਜਲਦੀ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣਾ ਬੀਜ਼ ਤੇ ਸਪਰੇਅ ਦਾ ਨਕਲੀ ਹੋਣਾ ਹੈ ਜਿਸ ਲਈ ਸਰਕਾਰ ਜ਼ਿੰਮੇਵਾਰ ਹੈ।
ਿਸਾਨ ਦੀ ਹਲਾਤ ਕਰਜ਼ੇ ਦੀ ਮਾਰ ਕਾਰਨ ਬੱਦਤਰ ਹੋਈ ਪਈ ਹੈ। ਉਪਰ ਬੇ-ਜ਼ਮੀਨੇ ਕਿਸਾਨਾਂ ਨੇ ਮਹਿੰਗਾ ਠੇਕਾ ਦੇ ਕੇ ਨਰਮਾ ਬੀਜਿਆ ਸੀ। ਇਸ ਮਾਰ ਤੋਂ ਬਾਅਦ ਉਹ ਕਿਸਾਨ ਲੱਖਾਂ ਰੁਪਏ ਦੇ ਕਰਜ਼ਦਾਰ ਹੋ ਚੁੱਕੇ ਹਨ।