ਪੱਤਰ ਪ੍ਰੇਰਕ
ਲਹਿਰਾਗਾਗਾ, 9 ਜਨਵਰੀ
ਅੱਜ ਇਥੇ ਅਨਾਜ ਮੰਡੀ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੀਆਂ ਪਿੰਡ ਇਕਾਈਆਂ ਦੀ ਬਲਾਕ ਆਗੂਆਂ ਦੀ ਸਮੂਹ ਕਮੇਟੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿਚ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਬਲਾਕ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਤੇ ਹੋਰ ਬਲਾਕ ਆਗੂਆਂ ਨੇ ਮਜੂਦਾ ਵੋਟ ਸੀਜ਼ਨ ਵਿੱਚ ਸਿਆਸੀ ਪਾਰਟੀਆਂ ਦੁਆਰਾ ਨਵੇਂ-ਨਵੇਂ ਚਿਹਰਿਆਂ ਨਾਲ ਸਾਹਮਣੇ ਆ ਕੇ ਲੋਕ ਭਰਮਾਉ ਤੇ ਲੋਕ ਪਾੜੂ ਨੀਤੀਆਂ ਰਾਹੀਂ ਸਾਲਾਂ ਬੱਧੀ ਚੱਲੇ ਘੋਲ ਵਿੱਚ ਲੋਕਾਂ ਦੀ ਗੂੜ੍ਹੀ ਪਈ ਆਪਸੀ ਭਾਈਚਾਰਕ ਸਾਂਝ ਨੂੰ ਦੋ-ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਮਾਂ ਦੇ ਨਾਂ ’ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਰਾਹੀਂ ਕਿਰਤੀਆਂ-ਕਿਸਾਨਾਂ ਨੂੰ ਸੰਘਰਸ਼ਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਨ੍ਹਾਂ ਦੇ ਝੂਠੇ ਝਾਸਿਆਂ ਤੋਂ ਕਿਨਾਰਾ ਕਰਨਾ ਚਾਹੀਦਾ ਹੈ ਤੇ ਹੱਕਾਂ ਪ੍ਰਤੀ ਜਾਗਰੂਕ ਰਹਿਣ ਤੇ ਲਾਮਬੰਦੀ ਕਰਕੇ ਮੋਰਚਿਆਂ ਵਿੱਚ ਕੁੱਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਜੂਦਾ ਕਾਂਗਰਸ ਦੀ ਸਰਕਾਰ ਨੇ ਵੋਟਾਂ ਲੈਣ ਲਈ ਲੋਕਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਮੰਨੀਆਂ ਮੰਗਾਂ ਜਿਓਂ ਦੀ ਤਿਓਂ ਲਟਕ ਰਹੀਆਂ ਹਨ। ਸੰਘਰਸ਼ ਦੋਰਾਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੰਨੀਆਂ ਮੰਗਾਂ ਜਿਵੇਂ ਕਿਸਾਨਾਂ ਉੱਤੇ ਪਾਏ ਪਰਚੇ ਰੱਦ ਕਰਨੇ। ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀ ਦੇਣ ਦਾ ਵਾਅਦਾ। ਸਾਰੇ ਦੇਸ਼ ਵਿੱਚ ਫਸਲਾਂ ’ਤੇ ਐੱਮਐੱਸਪੀ ਕਾਨੂੰਨ ਬਣਾਉਣਾ, ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ਦੇ ਕਾਤਲਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ ਤੇ ਨਾ ਹੀ ਅਹੁਦੇ ਤੋਂ ਬਰਖ਼ਾਸਤ ਕੀਤਾ ਗਿਆ ਹੈ।