ਬੀਰਬਲ ਰਿਸ਼ੀ
ਸ਼ੇਰਪੁਰ, 28 ਅਪਰੈਲ
ਇਨਕਲਾਬੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਬਲਾਕ ਸ਼ੇਰਪੁਰ ਦਾ ਇੱਕ ਧੜਾ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਕਮੇਟੀ ਨਾਲ ਜੁੜ ਕੇ ਅਤੇ ਇੱਕ ਧੜਾ ਲਗਾਤਾਰ ਜ਼ਿਲ੍ਹਾ ਸੰਗਰੂਰ ਦੀ ਕਮੇਟੀ ਨਾਲ ਜੁੜ ਕੇ ਸਰਗਰਮੀਆਂ ਕਰਦਾ ਆ ਰਿਹਾ ਸੀ ਜਿਸ ਸਬੰਧੀ ਪਿਛਲੇ ਦਿਨੀ ਸੂਬਾ ਕਮੇਟੀ ਨੇ ਦਖਲ ਦਿੰਦਿਆਂ ਬਲਾਕ ਦੋਵੇਂ ਧੜਿਆਂ ਨੂੰ ਇੱਕ ਕਰਕੇ ਇਕੱਠੇ ਸਰਗਰਮੀਆਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਇਹ ਏਕਤਾ ਜ਼ਿਆਦਾ ਸਮਾਂ ਕਾਇਮ ਨਹੀਂ ਰਹਿ ਸਕੀ। ਅੱਜ ਇੱਕੋ ਸਮੇਂ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਸੁਖਵਿੰਦਰ ਸਿੰਘ ਛੰਨਾ ਅਤੇ ਬਲਵੰਤ ਸਿੰਘ ਛੰਨਾਂ ਦੀ ਸਾਂਝੀ ਅਗਵਾਈ ਹੇਠ ਬਿਜਲੀ ਦੇ ਮੁੱਦੇ ’ਤੇ ਪਾਵਰਕੌਮ ਸ਼ੇਰਪੁਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਜਦੋਂ ਕਿ ਜਥੇਬੰਦੀ ਦੇ ਬਲਾਕ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ ਲੰਡਾ ਅਤੇ ਕਰਮਜੀਤ ਸਿੰਘ ਛੰਨਾ ਦੀ ਅਗਵਾਈ ਹੇਠ ਪਿੰਡ ਰਾਮਨਗਰ ਛੰਨਾ ਦੀ ਇਕਾਈ ਦੀ ਚੋਣ ਮੌਕੇ ਵੱਖਰੇ ਤੌਰ ’ਤੇ ਇਕੱਠ ਰੱਖਿਆ ਗਿਆ। ਬਲਾਕ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ ਨੇ ਦੱਸਿਆ ਕਿ ਪਾਵਰਕੌਮ ਦਫ਼ਤਰ ਅੱਗੇ ਲਗਾਏ ਧਰਨੇ ਸਬੰਧੀ ਬਲਾਕ ਮੀਟਿੰਗ ਵਿੱਚ ਫੈਸਲਾ ਨਹੀਂ ਹੋਇਆ ਸੀ। ਬੀਕੇਯੂ ਡਕੌਂਦਾ ਦੇ ਸੂਬਾਈ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਲੋੜੀਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਅਪਹੁਦਰੀਆਂ ਕਰਨ ਦਾ ਅਧਿਕਾਰ ਨਹੀਂ ਹੈ।
‘ਬਾਠ’ ਇਕਾਈ ਰਾਮਨਗਰ ਛੰਨਾ ਦੇ ਪ੍ਰਧਾਨ ਚੁਣੇ
ਬੀਕੇਯੂ ਡਕੌਂਦਾ ਨੇ ਅੱਜ ਜਥੇਬੰਦੀ ਦੇ ਬਲਾਕ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ, ਕਰਮਜੀਤ ਸਿੰਘ ਛੰਨਾ, ਦਰਸ਼ਨ ਸਿੰਘ ਕਾਤਰੋਂ, ਹਰਭਜਨ ਸਿੰਘ ਦੀ ਸਾਂਝੀ ਅਗਵਾਈ ਹੇਠ ਇਕੱਠ ਕਰਕੇ ਭੁਪਿੰਦਰ ਸਿੰਘ ਬਾਠ ਨੂੰ ਇਕਾਈ ਰਾਮਨਗਰ ਛੰਨਾ ਦਾ ਪ੍ਰਧਾਨ, ਕੇਵਲ ਸਿੰਘ ਭੱਠਲ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਰੂਪ ਸਿੰਘ ਗਰੇਵਾਲ, ਭੋਲਾ ਸਿੰਘ ਖਹਿਰਾ ਜਨਰਲ ਸਕੱਤਰ, ਖਜਾਨਚੀ ਗੁਰਪ੍ਰੀਤ ਸਿੰਘ, ਸਹਾਇਕ ਖਜਾਨਚੀ ਇਕਬਾਲ ਸਿੰਘ, ਪ੍ਰੈਸ ਸਕੱਤਰ ਰਾਜਦੀਪ ਸਿੰਘ, ਪ੍ਰਚਾਰ ਸਕੱਤਰ ਰਜਿੰਦਰ ਸਿੰਘ ਬਾਠ ਚੁਣੇ ਗਏ।