ਪੱਤਰ ਪੇਰਕ
ਲਹਿਰਾਗਾਗਾ, 12 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਰਾਗਾਗਾ ਦੇ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਉਧਰ ਰਿਲਾਇੰਸ ਪੰਪ ਅੱਗੇ ਧਰਨਾ 194 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ ਆਦਿ ਨੇ ਕਿਹਾ ਕਿ ਪਿੰਡਾਂ ਵਿੱਚ ਕਿਰਤੀ ਲੋਕਾਂ ਅਤੇ ਮਨਰੇਗਾ ਸਕੀਮ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਨੂੰ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਕਰੋਨਾ ਰੋਕੂ ਟੀਕੇ ਲਵਾਏ ਜਾ ਰਹੇ ਹਨ ਅਤੇ ਟੀਕਾ ਨਾ ਲਵਾਉਣ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਨੂੰ ਕਾਰਵਾਈ ਨੂੰ ਬੇਇਨਸਾਫ਼ੀ ਅਤੇ ਕਿਰਤੀ ਗ਼ਰੀਬ ਲੋਕਾਂ ਨਾਲ ਧੱਕਾ ਦੱਸਦਿਆਂ ਇਸ ਦੀ ਨਿਖੇਧੀ ਕੀਤੀ ਹੈ। ਯੂਨੀਅਨ ਨੇ ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਲਾਈਟਾਂ, ਸਰਕਾਰੀ ਬੋਲੀ, ਸਾਫ਼ ਸਫ਼ਾਈ ਅਤੇ ਬਾਰਦਾਨੇ ਦੀ ਥੁੜ ਨੂੰ ਵੇਖਦਿਆ ਅੱਜ ਐੱਸਡੀਐੱਮ ਦਾ ਉਨ੍ਹਾਂ ਦੇ ਦਫ਼ਤਰ ਵਿਚ ਘਿਰਾਓ ਕੀਤਾ ਗਿਆ ਅਤੇ ਮੁਸ਼ਕਲਾਂ ਹੱਲ ਕਰਨ ਦੀ ਮੰਗ ਕੀਤੀ।