ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਦਸੰਬਰ
ਇਥੇ ਕਿਸਾਨੀ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਪੱਕੇ ਮੋਰਚੇ ਨੂੰ 432 ਦਿਨ ਹੋ ਚੱਕੇ ਹਨ। ਧਰਨੇ ਵਾਲੀ ਜਗ੍ਹਾ ਉੱਤੇ ਪਹੁੰਚੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ, ਮਾਵਾਂ ਭੈਣਾਂ ਅਤੇ ਨੌਜਵਾਨਾਂ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਯਾਦ ਕੀਤਾ ਗਿਆ।
ਇਸ ਮੌਕੇ ਸੂਬਾ ਸਿੰਘ ਸੰਗਤਪੁਰਾ,ਰਿੰਕੂ ਮੂਨਕ, ਰੋਸ਼ਨ ਮੂਨਕ, ਹਰਜਿੰਦਰ ਸਿੰਘ ਨੰਗਲਾ, ਹਰਪ੍ਰੀਤ ਸਿੰਘ ਲਹਿਲ ਕਲਾਂ, ਭੁਪਿੰਦਰ ਪਾਲ ਸ਼ਰਮਾ ਲਹਿਰਾ, ਰਾਮਚੰਦ ਸਿੰਘ ਚੋਟੀਆਂ,ਪ੍ਰੀਤਮ ਸਿੰਘ ਲਹਿਲ ਕਲਾਂ, ਜਗਦੀਪ ਸਿੰਘ ਲਹਿਲ ਖੁਰਦ,ਰਾਜ ਸਿੰਘ ਖੰਡੇਬਾਦ ਜੈਦੀਪ ਸਿੰਘ ਲਹਿਲ ਖੁਰਦ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ, ਬੰਤ ਕੌਰ ਘੋੜੇਨਬ, ਚਰਨਜੀਤ ਕੌਰ ਨੇ ਦੱਸਿਆ ਕਿ 9 ਦਸੰਬਰ ਨੂੰ ਐੱਸਡੀਐੱਮ ਦਫ਼ਤਰ ਲਹਿਰਾ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਧਰਨੇ ਵਿੱਚ ਲਹਿਰਾਗਾਗਾ ਬਲਾਕ ਦੇ ਸਾਰੇ ਪਿੰਡਾਂ ਤੋਂ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।
ਧੂਰੀ (ਖੇਤਰੀ ਪ੍ਰਤੀਨਿਧ) ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੋਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਹੇਠ 432 ਦਿਨ ਵੀ ਜਾਰੀ ਰਿਹਾ। ਧਰਨੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਰੱਖਿਆ ਗਿਆ। ਆਗੂਆਂ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਪਹਿਲਾਂ ਅੰਦੋਲਨ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ ਪਰ ਇਹ ਅੰਦੋਲਨ ਸਯੁੰਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨਣ ਮਗਰੋਂ ਹੀ ਖਤਮ ਕੀਤਾ ਜਾਵੇਗਾ।
ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁੱਖਜੀਤ ਸਿੰਘ ਲੱਡਾ, ਰਾਮ ਸਿੰਘ, ਗੁਰਮੀਤ ਕੌਰ ਬੇਨੜਾ, ਹਮੀਰ ਸਿੰਘ,ਅਜੈਬ ਸਿੰਘ ਪੁੰਨਾਵਾਲ, ਕੁਲਵਿੰਦਰ ਕੌਰ ਲੱਡਾ, ਹਰਬੰਸ ਸਿੰਘ ਪੇਧਨੀ ਆਦਿ ਕਿਸਾਨ ਹਾਜ਼ਰ ਸਨ।