ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ
ਉੱਤਰੀ ਭਾਰਤ ਦੀਆਂ 18 ਸੰਘਰਸ਼ਸੀਲ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਸਥਾਨਕ ਰੇਲਵੇ ਸਟੇਸ਼ਨ ਨੂੰ ਵੀ ਹਜ਼ਾਰਾਂ ਦੀ ਤਦਾਦ ਚ ਇਕੱਠੇ ਹੋਏ ਕਿਸਾਨਾਂ ਨੇ ਘੇਰਦਿਆਂ ਰੇਲਾਂ ਦਾ ਚੱਕਾ ਜਾਮ ਕੀਤਾ। ਕਿਸਾਨ ਕਾਰਕੁੰਨਾਂ ਨੇ ਇਸ ਮੌਕੇ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ।
ਰੇਲਵੇ ਲਾਈਨ ਉੱਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਦਿਲਬਾਗ ਸਿੰਘ ਹਰੀਗੜ੍ਹ ਤੇ ਸੂਬਾਈ ਔਰਤ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਆ ਸਲੂਕ ਕਰ ਰਹੀ ਹੈ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਾਰਨ ਕਿਸਾਨ ਕੁਦਰਤੀ ਅਤੇ ਸਰਕਾਰਾਂ ਦੀ ਦੋਹਰੀ ਮਾਰ ਝੱਲ ਰਹੇ ਹਨ। ਉਨ੍ਹਾਂ ਮੰਗ ਰੱਖੀ ਕਿ ਤਬਾਹ ਹੋਈਆਂ ਫਸਲਾਂ ਦਾ ਮੁੱਲ ਦਿੱਤਾ ਜਾਵੇ, ਡਿੱਗੇ ਘਰਾਂ ਦੇ ਮੁਆਵਜ਼ੇ ਦਿੱਤੇ ਜਾਣ, ਮਰੇ ਪਸ਼ੂਆਂ ਅਤੇ ਹੜਾਂ ਦੌਰਾਨ ਕੀਮਤੀ ਜਾਨਾਂ ਗੁਆ ਚੁੱਕੇ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਉਨ੍ਹਾਂ ਸਾਰੀਆਂ ਫਸਲਾਂ, ਫਲਾਂ ਅਤੇ ਸਬਜ਼ੀਆਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਅਤੇ ਖ੍ਰੀਦ ਦੀ ਗਾਰੰਟੀ ਕਰਨ ਵਾਲਾ ਕਾਨੂੰਨ ਅਮਲ ਵਿੱਚ ਲਿਆਉਣ ਮਨਰੇਗਾ ਸਕੀਮ ਤਹਿਤ ਸਾਲ ਵਿੱਚ 200 ਦਿਨ ਦਾ ਰੁਜ਼ਗਾਰ ਦਿੱਤੇ ਜਾਣ ਦੀ ਮੰਗ ਰੱਖੀ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਲਗਭਗ 12 ਥਾਵਾਂ ਉੱਤੇ ਇਹ ਚੱਕਾ ਜਾਮ ਕੀਤਾ ਗਿਆ ਹੈ ਜੋ 30 ਸਤੰਬਰ ਤੱਕ ਜਾਰੀ ਰਹੇਗਾ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੋਰ ਤਕੜੇ ਸੰਘਰਸ਼ ਵਿੱਢੇ ਜਾਣਗੇ। ਅੱਜ ਦੇ ਧਰਨੇ ਨੂੰ ਕੁਲਵਿੰਦਰ ਸੋਨੀ ਲੌਂਗੋਵਾਲ, ਹੈਪੀ ਨਮੋਲ, ਦਰਵਾਰਾ ਲੋਹਾਖੇੜਾ, ਸੁਖਦੇਵ ਲੌਂਗੋਵਾਲ, ਲੀਲਾ ਸਿੰਘ ਚੋਟੀਆਂ, ਮੱਖਣ ਪਾਪੜਾ, ਜਸਵੀਰ ਮੈਦੇਵਾਸ, ਸੁਖਦੇਵ ਸ਼ਰਮਾ, ਬਿੰਦਰ ਦਿੜ੍ਹਬਾ, ਜਸਪ੍ਰੀਤ ਬੱਬੂ ਹਰੀਗੜ੍ਹ, ਗੁਰਮੇਲ ਕੈਪਰ ਤੇ ਸੰਤ ਰਾਮ ਛਾਜਲੀ ਨੇ ਵੀ ਸੰਬੋਧਨ ਕੀਤਾ।