ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਫਰਵਰੀ
ਬਲੱਡ ਡੋਨਰਜ਼ ਵੈੱਲਫ਼ੇਅਰ ਸੁਸਾਇਟੀ ਵਲੋਂ ਸ਼ਿਵਰਾਤਰੀ ਨੂੰ ਸਮਰਪਿਤ ਖੂਨਦਾਨੀਆਂ ਦੀ ਡਾਇਰੈਕਟਰੀ ਲੋਕ ਅਰਪਣ ਕਰਨ ਲਈ ‘‘ਸੱਤਵੀਂ ਵਾਰ ਮਹਿਕ-2022 ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਨਰਿੰਦਰ ਸਿੰਘ ਡੀਐੱਫ.ਐੱਸ.ਸੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਡੀਐੱਸਪੀ ਦੀਪਇੰਦਰ ਕੌਰ ਨੇ ਕੀਤੀ। ਸਮਾਗਮ ’ਚ ਮਦਨ ਬਾਂਸਲ ਪ੍ਰਧਾਨ ਅਗਰਵਾਲ ਸਭਾ ਧੂਰੀ ਅਤੇ ਸੱਤਪਾਲ ਸ਼ਰਮਾ ਬੜੀ ਪ੍ਰਧਾਨ ਬ੍ਰਾਹਮਣ ਸਭਾ ਸ਼ੇਰਪੁਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੀ ਅਗਵਾਈ ਸੰਸਥਾ ਦੇ ਡਾਇਰੈਕਟਰ ਜਗਦੀਸ਼ ਗਰਗ, ਸਕੱਤਰ ਨਰੇਸ਼ ਸਿੰਗਲਾ ਤੇ ਜਨਕ ਰਾਜ ਮੀਮਸਾ ਆਦਿ ਨੇ ਕੀਤੀ। ਇਸ ਮੌਕੇ ਸ੍ਰੀ ਜਗਦੀਸ਼ ਗਰਗ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਡਾਇਰੈਕਟਰੀ ਵਿਚ ਖੂਨਦਾਨੀਆਂ ਦੇ ਨਾਮ, ਬਲੱਡ ਗਰੁੱਪ, ਖੂਨਦਾਨ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਨ, ਅਨਮੋਲ ਬਚਨ ਆਦਿ ਪਾਠਕਾਂ ਲਈ ਪੜ੍ਹਨਯੋਗ ਸਮੱਗਰੀ ਉਪਲਬਧ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨ ਅਤੇ ਸੰਸਥਾ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।