ਮੁਕੰਦ ਸਿੰਘ ਚੀਮਾ
ਸੰਦੌੜ, 13 ਮਾਰਚ
ਨੇੜਲੇ ਪਿੰਡ ਕਲਿਆਣ ਵਿੱਚ ਭੇਤਭਰੀ ਹਾਲਤ ਵਿਚ ਲਾਸ਼ ਮਿਲੀ ਹੈ ਜਿਸ ਦੀ ਪਛਾਣ ਸੁਖਦੇਵ ਸਿੰਘ (55) ਪੁੱਤਰ ਸੰਤਾ ਸਿੰਘ ਵਾਸੀ ਕਲਿਆਣ ਵਜੋਂ ਹੋਈ ਹੈ। ਉਹ ਦੋ ਦਿਨਾਂ ਤੋਂ ਲਾਪਤਾ ਸੀ। ਉਸ ਦੇ ਚਿਹਰੇ ਅਤੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ। ਇਸ ਕਾਰਨ ਉਸ ਦੇ ਕਤਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮ੍ਰਿਤਕ ਵਿਅਕਤੀ ਖੇਤੀਬਾੜੀ ਕਰਦਾ ਸੀ। ਉਧਰ ਲਾਸ਼ ਮਿਲਣ ਦਾ ਪਤਾ ਲਗਦਿਆਂ ਹੀ ਐੱਸਪੀ ਮਾਲੇਰਕੋਟਲਾ ਅਮਨਦੀਪ ਸਿੰਘ ਬਰਾੜ, ਸੀ.ਆਈ.ਏ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਅਤੇ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਸਬੂਤ ਜੁਟਾਉਣ ਲਈ ਸੂਹੀਆ ਕੁੱਤੇ ਦੀ ਮਦਦ ਵੀ ਲਈ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਖਦੇਵ ਸਿੰਘ ਕੱਲ੍ਹ ਦੁਪਹਿਰ ਵੇਲੇ ਘਰੋਂ ਗਿਆ ਸੀ ਤੇ ਉਸ ਤੋਂ ਬਾਅਦ ਦੇਰ ਰਾਤ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ। ਪਰਿਵਾਰਕ ਮੈਂਬਰ ਉਸ ਦੀ ਦੇਰ ਰਾਤ ਤੱਕ ਭਾਲ ਕਰਦੇ ਰਹੇ।
ਇਸੇ ਦੌਰਾਨ ਇੰਸਪੈਕਟਰ ਯਾਦਵਿੰਦਰ ਸਿੰਘ ਅਨੁਸਾਰ ਪੁਲੀਸ ਨੇ ਸੁਖਦੇਵ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਬੱਬੂ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਈ.ਪੀ.ਸੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਇਸ ਘਟਨਾ ਕਾਰਨ ਇਲਾਕੇ ਵਿੱਚ ਗ਼ਮ ਦਾ ਮਾਹੌਲ ਹੈ ਤੇ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਹਾਦਸੇ ਕਾਰਨ ਡਰਾਈਵਰ ਦੀ ਮੌਤ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਭਵਾਨੀਗੜ੍ਹ-ਪਟਿਆਲਾ ਮੁੁੱਖ ਮਾਰਗ ’ਤੇ ਬਾਲਦ ਕੈਂਚੀਆਂ ਨੇੜੇ ਨਵੇਂ ਟਰੱਕ ਦੀ ਚੈਸਿਜ਼ ਅਤੇ ਟਰਾਲੇ ਦੀ ਟੱਕਰ ਕਾਰਨ ਚੈਸਿਜ਼ ਚਾਲਕ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦੌਰ ਨੇੜੇ ਪਿੰਡ ਦੇਦਲਾ ਦੇ ਵਾਸੀ ਰਾਧੇ ਸਿਆਮ ਪੁੱਤਰ ਜਗਨ ਨਾਥ ਨੇ ਦੱਸਿਆ ਕਿ ਉਹ ਇਕ ਹੋਰ ਵਿਅਕਤੀ ਸੰਜੇ ਰਾਵਤ ਪੁੱਤਰ ਮਨੋਹਰ ਲਾਲ ਵਾਸੀ ਰਤਨਖੇੜੀ (ਉਜੈਨ ਮੱਧ ਪ੍ਰਦੇਸ਼) ਨਾਲ ਕੰਪਨੀ ਦੇ ਦੋ ਨਵੇਂ ਟਰੱਕਾਂ ਦੀਆਂ ਚੈਸੀਆਂ ਤਮਿਲਨਾਡੂ ਤੋਂ ਲਿਆ ਕੇ ਜ਼ੀਰਕਪੁਰ ਛੱਡਣ ਲਈ ਜਾ ਰਹੇ ਸਨ। ਉਹ ਜਦੋਂ ਬਾਲਦ ਕੈਂਚੀਆਂ ਨੇੜੇ ਪਹੁੰਚੇ ਤਾਂ ਸੰਜੇ ਰਾਵਤ ਦੀ ਚੈਸਿਜ਼ ਸੜਕ ’ਤੇ ਖੜ੍ਹੇ ਟਰੱਕ ਨਾਲ ਪਿੱਛਲੇ ਪਾਸਿਓਂ ਟਕਰਾ ਗਈ। ਇਸ ਹਾਦਸੇ ਕਾਰਨ ਸੰਜੇ ਰਾਵਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੂੰ ਐਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।