ਖੇਤਰੀ ਪ੍ਰਤੀਨਿਧ
ਧੂਰੀ, 29 ਅਪਰੈਲ
ਲੰਘੀ ਸ਼ਾਮ ਧੂਰੀ-ਸ਼ੇਰਪੁਰ ਸੜਕ ’ਤੇ ਪਿੰਡ ਕਹੇਰੂ ਨੇੜੇ ਸਥਿਤ ਇਕ ਬੇ-ਅਬਾਦ ਕਲੋਨੀ ’ਚੋਂ ਭੇਤਭਰੀ ਹਾਲਤ ’ਚ ਇਕ ਵਿਅਕਤੀ ਦੀ ਲਾਸ਼ ਮਿਲੀ। ਸੂਤਰਾਂ ਅਨੁਸਾਰ ਪਿੰਡ ਕਹੇਰੂ ਦੇ ਉਰਲੇ ਪਾਸੇ ਸਥਿਤ ਬੇ-ਆਬਾਦ ਕਲੋਨੀ ਦੇ ਪਿਛਲੇ ਪਾਸੇ ਨੀਵੀਂ ਥਾਂ ’ਤੇ ਝਾੜੀਆਂ ’ਚ ਵਿਅਕਤੀ ਦੀ ਲਾਸ਼ ਪਏ ਹੋਣ ਬਾਰੇ ਉਸ ਵੇਲੇ ਪਤਾ ਲੱਗਿਆ, ਜਦੋਂ ਨੇੜਲੇ ਪਹੇ ’ਚੋਂ ਲੰਘਦੇ ਕਿਸੇ ਰਾਹਗੀਰ ਦੀ ਨਿਗਾਹ ਪਈ। ਬਾਅਦ ਵਿਚ ਸੂਚਨਾ ਮਿਲਣ ’ਤੇ ਸਦਰ ਪੁਲੀਸ ਧੂਰੀ ਦੇ ਸਹਾਇਕ ਥਾਣੇਦਾਰ ਦਵਿੰਦਰ ਦਾਸ ਅਤੇ ਚਰਨਜੀਤ ਸਿੰਘ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਗਿਆ। ਮ੍ਰਿਤਕ ਦੀ ਪਛਾਣ ਦਿਲਸ਼ਾਦ ਖਾਂ (30) ਵਾਸੀ ਭੱਦਲਵੜ ਵਜੋਂ ਹੋਈ। ਸੂਤਰਾਂ ਅਨੁਸਾਰ ਮ੍ਰਿਤਕ ਅਰਧ-ਨਗਨ ਅਵਸਥਾ ਵਿਚ ਸੀ ਅਤੇ ਲਾਸ਼ ਨੇੜੇ ਸਰਿੰਜਾਂ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਪਿਆ ਦੇਖਿਆ ਗਿਆ। ਸੰਪਰਕ ਕਰਨ ‘ ਤੇ ਥਾਣਾ ਸਦਰ ਦੇ ਤਫਦੀਸ਼ੀ ਅਧਿਕਾਰੀ ਦਵਿੰਦਰ ਦਾਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।